ਕਵਿਤਾ ਕੁਝ ਇਸ ਤਰ੍ਹਾਂ 

ਆਉਂਦੀ ਹੈ

ਜਿਵੇਂ ਠੰਢੀ ਹਵਾ ਦਾ ਬੁੱਲਾ

ਮੁੜ੍ਹਕੋ ਮੁੜ੍ਹਕੀ ਹੋਏ ਸਰੀਰ ਨੂੰ

ਠਾਰ ਜਾਂਦਾ

ਕਵਿਤਾ ਕੁਝ ਇਸ ਤਰ੍ਹਾਂ 

ਫੜ੍ਹ ਲੈਂਦੀ ਹੈ ਮੇਰੀ ਉਂਗਲੀ 

ਜਿਵੇਂ ਮਾਂ ਪਕੜ ਲੈਂਦੀ ਬੱਚੇ ਦੀ ਉਂਗਲੀ 

ਹਰ ਉਸ ਵਕਤ ਜਦੋਂ ਉਹ ਡਰਦਾ

ਕਵਿਤਾ ਕੁਝ ਇਸ ਤਰ੍ਹਾਂ

ਇਕਮਿਕ ਹੋ ਜਾਂਦੀ ਹੈ ਮੇਰੇ ਸਾਹਾਂ ਨਾਲ 

ਜਿਵੇਂ ਹਵਾ ਵਿਚ ਖੁਸ਼ਬੋਈ ਘੁਲਮਿਲ ਜਾਂਦੀ

ਕਵਿਤਾ ਕੁਝ ਇਸ ਤਰ੍ਹਾਂ

ਭਰਦੀ ਹੈ ਪਰਵਾਜ਼

ਜਿਵੇਂ ਕੋਈ ਪੰਛੀ

ਸਾਰਾ ਅੰਬਰ ਗਾਹ ਆਉਂਦਾ

ਕਵਿਤਾ ਕੁਝ ਇਸ ਤਰ੍ਹਾਂ 

ਮੇਰੇ ਨਾਲ ਤੁਰਨ ਲੱਗੀ ਹੈ 

ਜਿਵੇਂ ਪਰਛਾਵਾਂ ਤੁਰਦਾ ਹੈ

📝 ਸੋਧ ਲਈ ਭੇਜੋ