ਹੁਣ ਜੀਣ ਦਾ ਅਹਿਸਾਸ

ਹੁਣ ਜੀਣ ਦਾ ਅਹਿਸਾਸ ਰੱਤੀ ਭਰ ਨਹੀਂ ਹੁੰਦਾ ਕਦੇ

ਖ਼ਤਰਾ ਉਦੋਂ ਵੀ ਜਾਪਦਾ ਜਦ ਡਰ ਨਹੀਂ ਹੁੰਦਾ ਕਦੇ

ਥਾਂ ਸਿਰ ਸਿਰਾਂ ਨੂੰ ਕੁਝ ਪਲਾਂ ਦੇ ਵਾਸਤੇ ਰੱਖੀਏ

ਸਾਰੀ ਉਮਰ ਤਾਂ ਸਿਰ ਤਲੀ ’ਤੇ ਧਰ ਨਹੀਂ ਹੁੰਦਾ ਕਦੇ

ਮਨਫ਼ੀ ਜਿਹਾ ਹੋਇਆ ਉਹ ਜੋੜੇ ਬਿਸਤਰਾ ਤੇ ਸੋਚਦਾ

ਬਸ ਰਾਤ ਕੱਟਣ ਦਾ ਬਹਾਨਾ ਘਰ ਨਹੀਂ ਹੁੰਦਾ ਕਦੇ

ਨਾ ਭਾਲਦੇ ਪਾਣੀ ਪਿਆਸੇ ਹਰਫ਼ ਜੇਕਰ ਜਾਣਦੇ

ਮਾਰੂਥਲਾਂ ਦੇ ਗੀਤ ਅੰਦਰ ਸਰ ਨਹੀਂ ਹੁੰਦਾ ਕਦੇ

ਤੇਰੇ ਬਿਨਾਂ ਜੀਣਾ ਬੜਾ ਦੁਸ਼ਵਾਰ ਭਾਵੇਂ ਹੋ ਗਿਆ

ਪਰ ਮਰ ਗਿਆਂ ਦੇ ਨਾਲ ਵੀ ਤਾਂ ਮਰ ਨਹੀਂ ਹੁੰਦਾ ਕਦੇ

📝 ਸੋਧ ਲਈ ਭੇਜੋ