ਹਵਾ ਦਾ ਕੀ ਕਦੇ ਵਗਦੀ

ਹਵਾ ਦਾ ਕੀ, ਕਦੇ ਵਗਦੀ, ਕਦੇ ਉਹ ਬੰਦ ਹੋ ਜਾਏ,

ਵਿਚਾਰਾ  ਬਿਰਖ਼  ਉਸਦੇ  ਹੁਕਮ  ਦਾ ਪਾਬੰਦ ਹੋ ਜਾਏ।

ਕਦੇ ਮੈਂ ਵੇਖ ਜਿਸਨੂੰ ਚੰਦ  ਖੁਣਵਾਇਆ ਸੀ ਮੱਥੇ ‘ਤੇ,

ਸਦਾ ਇਕਰਾਰ ਕਰਕੇ ਈਦ ਦਾ ਉਹ ਚੰਦ ਹੋ ਜਾਏ।

ਨਿਭੇਗੀ ਖ਼ੂਬ ਜੇ ਥੋੜੀ ਕੁ ਮੈਨੂੰ ਸੂਝ ਜਾਵੇ,

ਤੇ ਜਾਂ ਥੋੜਾ ਜਿਹਾ ਪਾਗ਼ਲ ਉਹ ਦਾਨਿਸ਼ਮੰਦ ਹੋ ਜਾਏ।

ਕਿਵੇਂ ਮੰਜ਼ਿਲ ‘ਤੇ ਪਹੁੰਚਣਗੇ ਜੋ ਕਹਿੰਦੇ ਤੁਰਨ ਤੋਂ ਪਹਿਲਾਂ,

ਜ਼ਰਾ ਠਹਿਰੋ ਕਿ ਅਗਲੀ ਰਾਤ ਦਾ ਪ੍ਰਬੰਧ ਹੋ ਜਾਏ।

ਮੇਰਾ ਦਿਲਬਰ ਤਾਂ ਯਾਰੋ ਹੂ ਹੂ ਹੈ ਈਸ਼ਵਰ ਵਰਗਾ,

ਕਦੇ  ਉਹ ਨੂਰ ਹੋ ਜਾਏ ਕਦੇ  ਆਨੰਦ ਹੋ ਜਾਏ।

📝 ਸੋਧ ਲਈ ਭੇਜੋ