ਇਕ ਹਰਫ਼ ਸੱਜਣ ਸਾਡੇ ਨਾਂ ਕਰਦੇ

ਇਕ ਹਰਫ਼ ਸੱਜਣ ਸਾਡੇ ਨਾਂ ਕਰਦੇ 

ਸਿਰ ਸੁੰਨੇ ਸੱਖਣੇ ਸ਼ਬਦਾਂ ਦੇ 

ਕਾਈ ਇਲਮ ਅਦਬ ਦੀ ਛਾਂ ਕਰਦੇ

ਸਾਨੂੰ ਬਖਸ਼ ਸਮੁੰਦਰ ਆਲਮ ਦਾ 

ਇੱਕ ਹਉਕਾ ਅੰਬਰ ਸਾਲਮ ਦਾ 

ਸਭ ਹੰਝ ਖਿਲਾਅ ਵਿੱਚ ਲਟਕੇ ਨੇ 

ਇਕ ਅੱਧ ਲਈ ਜਿਮੀਂ ਤੇ ਥਾਂ ਕਰਦੇ

ਰੋਹੀਆਂ ਵਿੱਚ ਜੰਡ ਦਾ ਰੁੱਖ ਹੋਵੇ 

ਸਾਹਿਬਾਂ ਦੀ ਸੱਖਣੀ ਕੁੱਖ ਰੋਵੇ 

ਸਮਿਆਂ ਦੀ ਸੋਚ ਸਰਾਪੀ ਹੈ 

ਮਿਰਜ਼ੇ ਸੰਗ ਕਿਵੇਂ ਨਿਆਂ ਕਰਦੇ

ਜੋਗੀ ਜ਼ਖਮ ਸਰਾਪੀਆਂ ਰੁੱਤਾਂ ਦੇ 

ਕੀ ਝੰਗ ਸਿਆਲੋਂ ਪੁੱਛਾਂਗੇ 

ਕਿੰਝ ਤਖਤ ਹਜ਼ਾਰੇ ਪਰਤਾਂਗੇ 

ਸਾਡੇ ਮੋਹ ਦੇ ਨਾਮ ਝਨਾਂ ਕਰਦੇ

ਚਿੱਟੇ ਚੌਲ ਨੇ ਸੁਪਨੇ ਸੁੰਦਰਾਂ ਦੇ 

ਕੱਚੇ ਕੌਲ ਨੇ ਕੱਚ ਦੀਆਂ ਮੁੰਦਰਾਂ ਦੇ 

ਅਜਲਾਂ ਤੋਂ ਜਿੰਦ ਵਿਜੋਗਣ ਹੈ 

ਕਿਸੇ ਨਾਂਹ ਵਰਗੀ ਹੀ ਹਾਂ ਕਰਦੇ

ਮੈਂ ਪੂਰਨ ਹਾਂ ਪਰ ਪੂਰਨ ਨਹੀਂ 

ਕਿਸੇ ਲੂਣਾ ਬਿਨਾਂ ਸੰਪੂਰਨ ਨਹੀਂ 

ਕਾਇਆ ਤਾਂ ਸਦਾ ਸਲਵਾਨ ਜਿਹੀ 

ਕਦੀ ਰੂਹ ਨੂੰ ਹੀ ਇੱਛਰਾਂ ਮਾਂ ਕਰਦੇ 

ਇਕ ਹਰਫ਼ ਸੱਜਣ ਸਾਡੇ ਨਾਂ ਕਰਦੇ।

📝 ਸੋਧ ਲਈ ਭੇਜੋ