ਚਿੜੀ ਚਹਿਕਦੀ ਨਾਲ਼ ਜਾ ਫ਼ਜਰ ਫੁੱਟੀ, ਰਾਹ ਲਏ ਨੇ ਪਕੜ ਪਧਾਂਣੀਆਂ ਨੇ।
ਸੁਬ੍ਹਾ ਸੱਜਰੀ ਜਦੋਂ ਨੂਰ ਖਲੇਰਦੀ ਏ, ਚਾਰੇ ਕੁੰਟਾਂ 'ਚ ਸਰਘੀਆਂ ਤਾਣੀਆਂ ਨੇ।
ਰਾਤ ਰਹਿੰਦਿਆਂ ਰਿੜਕਣੇ ਰੰਗ ਦਿੱਤੇ, ਹੁਸਨ ਸੱਜਰੇ ਨਾਲ ਸੁਆਣੀਆਂ ਨੇ।
ਪਿਆਰੇ ਪੂਰਬ ਨੇ ਸੁਰਖ਼ ਸਜਾ ਚੀਰਾ, ਕਿਰਨਾਂ ਕਲਗੀ ਤੇ ਲਿਸ਼ਕਾਣਾਂ ਨੇ।
ਚਾਟੀ ਵੇਲੜੇ ਚੁੱਲ੍ਹਿਆਂ ਚਿਣਗ ਲਾਈ, ਹੋਈਆਂ ਦੁੱਧ 'ਚ ਮਸਤ ਮਧਾਣੀਆਂ ਨੇ।
ਚੂੜੇ ਛਣਕਦੇ, ਘੁੰਗਰੂ ਖਣਕਦੇ ਨੇ, ਧੰਮੀ ਵੇਲੜੇ ਸੱਦਾਂ ਸੁਹਾਣੀਆਂ ਨੇ।
ਛਾਹ ਹੁੰਦਿਆਂ ਛਾਹਾਂ ਦੇ ਭਰ ਛੰਨੇ, ਦਿੱਤੇ ਕੰਤਾਂ ਨੂੰ ਮਹਿਰ ਮੁਕਲਾਣੀਆਂ ਨੇ।
ਅਗਰਸੰਧਿਆ ਅੱਖਾਂ ‘ਚ ਪਈ ਰੜਕੇ, ਸੇਜਾਂ ਰਾਤ ਨੂੰ ਜਿੰਨ੍ਹਾਂ ਨੇ ਮਾਣੀਆਂ ਨੇ।
ਤਾਰਾ ਉੱਚਦੇ ਬਾਂਹਾਂ ‘ਚੋਂ ਉੱਠ ਚੱਲੇ, ਰੀਝਾਂ ਭੋਗੀਆਂ ਰਾਤੀ ਜਿੰਨ੍ਹਾਂ ਹਾਣੀਆਂ ਨੇ।
ਸਿਰੋੜੀ ਨੂੰ ਸਿਰੜ ਦੇ ਨਾਲ਼ ਜਾਗੇ,ਸਿਆੜਾਂ ਜਿਮੀਂ ਦੀਆਂ ਜਿੰਨ੍ਹਾਂ ਬਨਾਣੀਆਂ ਨੇ।
ਵੇਲੇ ਪਾਕ ਦੇ ਪਸ਼ੂ ਪਸ਼ਮਾਂਮਦੇ ਨੇ, ਦੋਹਣੇ ਧੋਵਦੇ, ਧਾਰਾਂ ਚਾਅ ਚਾਣੀਆਂ ਨੇ।
ਵੱਡੇ ਵੇਲੇ ਨੂੰ ਢੱਗੇ ਉਠਾਲਦੇ ਨੇ, ਧੋਣੀਂ ਤੁਰਤ ਪੰਜਾਲੀਆਂ ਟਿਕਾਣੀਆਂ ਨੇ।
ਹਰਨਾਲੀ ਚੁੱਕਦੇ, ਹੱਕ ਨੂੰ ਯਾਦ ਕਰਦੇ,ਤੌਣਾਂ ਹੱਕ ਦੀਆਂ ਜਿੰਨ੍ਹਾਂ ਕਮਾਣੀਆਂ ਨੇ।
ਖਿੱਤੀ ਖਿਸਕੀ, ਖੇਤਾਂ ਨੂੰ ਤੁਰਦ ਹੋਏ, ਜਾਣ ਛਾਬਣੀ ਖ਼ਤਾਂ ਦੀਆਂ ਢਾਣੀਆਂ ਨੇ।
ਭਿਆਗ ਵੇਲੜੇ ਕਈ ਭਾਗ ਜਗਾਵਂਦੇ ਨੇ, ਪੜ੍ਹਦੇ ਭਾਗਵਤਾਂ ਗਾਂਵਦੇ ਬਾਣੀਆਂ ਨੇ।
ਮੁਤੇਰ ਹੁੰਦਿਆਂ ਮੁੱਲਾਂ ਨੇ ਬਾਂਗ ਦਿੱਤੀ, ਹਕੀਕਤਾਂ ਹੱਕ ਦੀਆਂ ਸੁਣਾਣੀਆਂ ਨੇ।
ਵੇਲੇ ਭੌਰ ਦੇ, ਭੌਰ ਤੇ ਪੀਰ ਜਾਗੇ, ਮਹਿਕਾਂ ਜਿੰਨ੍ਹਾਂ ਨੇ ਦੂਰ ਖਿੰਡਾਣੀਆਂ ਨੇ।
ਪੁਰਨੂਰ ਨੂੰ ਨਬੀ ਚਿਤਾਰ ਲਈਏ, ਨੌਕਾਂ ਜਿਸਨੇ ਪਾਰ ਲਿਜਾਣੀਆਂ ਨੇ।
ਪਰਾ ਫਾਟ ਨੂੰ ਪਵਨ ਨੇ ਪੈਲ ਪਾਈ, ਮੋਰ ਕੂਕਰਾਂ ਦਰਦ ਰੰਝਾਣੀਆਂ ਨੇ।
ਝਾਲਾਘੇ ਹੀ ਚਰਖੜੇ ਡਾਹ ਛੱਡੇ, ਧੁੰਮਾਂ ਤ੍ਰਿੰਙਣਾ ਵਿੱਚ ਧੁੰਮਾਣੀਆਂ ਨੇ।
ਪੀਰ ਵੇਲੜੇ ਨਵਾਂ ਹੀ ਰਾਗ ਛੋਹਿਆ ਢਾਬਾਂ, ਕੱਸੀਆਂ, ਖੂਹਾਂ ਦੇ ਪਾਣੀਆਂ ਨੇ।
ਫ਼ਜਰ ਸੱਜਰੀ ਸੁਆਦਲਾ ਸੁਆਦ ਆਵੇ, ਬੁੱਲ੍ਹੇ ਹਵਾ ਦੇ ਫੱਕੇ ਗਊ-ਜਾਣੀਆਂ ਨੇ ।
ਲੋਪਾਟੀ ਨੂੰ ਜੱਟਕੜਾ ਗੀਤ ਗਾਇਆ,ਸਤਗੁਰਾ ਸ਼ਬਦ ਦੀਆਂ ਸ਼ਾਹਣੀਆਂ ਨੇ।