ਹੋਠ ਸੂਹੇ ਹਜ਼ੀਰ, ਲਾਲ ਕੋਕਣ ਦੰਦ ਬਲਖ਼ ਦੇ ਮੋਤੀ ਜੜ੍ਹਾਂਵਦੀ ਏ।
ਜ਼ੁਲਫ ਪੇਚ ਵੇਲ ਜਾ ਨਾਗ ਕੁੰਡਲ, ਜੱਫੀ ਚੰਨ ਦੇ ਮੁੱਖ ਨੂੰ ਪਾਂਵਦੀ ਏ।
ਕਾਤਲ ਅੱਖੀਆਂ ਇਸ਼ਕ ਫ਼ਾਹੀਆਂ, ਧਾੜ ਹਿੰਦ 'ਤੇ ਨਾਦਰ ਨਿਜ਼ਾਮ ਦੀ ਏ।
ਤਖ਼ਤ ਤਾਊਸ ਹੈ ਛਾਤੀ ਤਾਨਸੈਨੀ, ਕਾਨੀ ਸਾਰ ਦੀ ਸੀਨੇ ਚੁਭਾਂਵਦੀ ਏ।
ਕੱਦ ਕੁਤਬ, ਪਸ਼ਮ ਪੇਡੂ ਤੇ ਧੁੰਨੀ ਕੇਸਰ ਕਫ਼ੂਰ ਮਹਿਕਾਂਵਦੀ ਏ।
ਗਰਦਨ ਗੋਰੀ, ਸਾਹਾਂ ਦਾ ਪੂਰ ਦਿਸੇ, ਸੁਰਾ ਸੁਰਾਹੀ ਨਜ਼ਰ ਆਂਵਦੀ ਏ।
ਗੱਲਾਂ ਕਰਦੀ, ਗੱਲਾਂ ਲਾਲ ਹੋਵਣ, ਗਲ਼ੇ ਲਗੋਜਿਆਂ ਦੇ ਮਚਾਂਵਦੀ ਏ।
ਨੂਰ ਕੋਹ, ਬਦਖ਼ਸ਼ੀ ਲਾਲ ਬਖਤਾਂ, ਕਟਕ 'ਤੇ ਕਟਕ ਚੜ੍ਹਂਵਦੀ ਏ।
ਮੱਥਾ ਮਦ ਮੱਤਾ, ਭਵਾ ਕਹਿਰ ਕਾਨੀ, ਸੁਰਮਾ ਮਸਣ ਦਾ ਮਟਕਾਂਵਦੀ ਏ।
ਪਾਲ਼ੀ ਹਿੱਕੜੀ ਵਾਂਗਰ ਪਾਲਿਆਂ ਦੇ, ਪਾਲੀ ਪਾਲ਼ਿਆਂ ਵਿੱਚ ਭੁਜਾਂਵਦੀ ਏ।
ਜੌੜੇ ਪਹੁਤਿਆਂ 'ਚੋਂ ਕਟਕ ਲੰਘੇ, ਤਬੀਤ ਹਿੱਕ 'ਤੇ ਏਦਾਂ ਟਿਕਾਂਵਦੀ ਏ।
ਮਦ ਮੂਰਤ ਕਲਬੂਤ ਤਰਾਸ਼ ਐਸੀ, ਸੋਨ-ਪਰੀਆਂ ਨੂੰ ਹਾਨਤ ਆਂਵਦੀ ਏ।
ਝੂਮਕੇ ਡਲ਼ਕਦੇ ਡੇਲੇ ਡਾਲੀ ਦੇ, ਬਿਜਲੀ ਲੌਲ ਦੇ ਵਿੱਚ ਜੜਾਂਵਦੀ ਏ।
ਸੁੱਚੀ ਸ਼ਾਮ, ਸ਼ਾਮ ਸ਼ਹਿਰ ਵਰਗੀ, ਬੈਠੀ ਸ਼ਾਮ ਸੰਗ, ਸ਼ਮਾਂ ਸੁਹਾਂਵਦੀ ਏ।
ਅੱਲ੍ਹੜ ਅੰਤ ਹੈ ਅੱਲੀਆਂ ਆਤਣਾਂ ਦਾ,ਸ਼ਾਹਣੀ ਵਾਂਗ ਨਾ ਹੱਥ ਧਰਾਂਵਦੀ ਏ।
ਮਟਕ ਮਮੋਲੀ ਬਟੇਰ ਬਾਂਕੀ ਚੁਸਤ ਚਕੋਰ ਤੋਂ ਢੇਰ ਸਦਾਂਵਦੀ ਏ।
ਮਿਰਗ ਚੀਨੜੇ ਵਾਂਗ ਤੁਰਦੀ, ਭੁਜੰਗ ਛੰਦ ਨੂੰ ਲਟਕ ਸਿਖਾਂਵਦੀ ਏ।
ਗਾਂਵਦੀ, ਫੁੱਲ ਖਿੜਾਂਵਦੀ, ਹੰਸ 'ਡਾਂਵਦੀ, ਮੋਤੀ ਸਿੱਪ 'ਚੋਂ ਪਟਕਾਂਵਦੀ ਏ।
ਮਛਰੇ ਮਜ਼ਨੂੰਆਂ ਦੇ ਕਰ ਮੌਜੇ, ਨਾਲ ਮੌਜ ਦੇ ਪੈਰਾਂ ਵਿੱਚ ‘ਚ ਪਾਂਵਦੀ ਏ।
ਭਾਗਭਰੀ ਜਾਪਦੀ ਕੰਤ ਕੋਲ ਬੈਠੀ, ਕਦੇ ਪ੍ਰਦੇਸੀ ਨੂੰ ਪਈ ਤਕਾਵਦੀ ਏ।
ਦੁੱਧ ਚੋੰਵਦੀ ਦੁੱਧ ਦੇ ਵਰਗੀ, ਨਾਲ ਨਜ਼ਰਾਂ ਮਲਾਈਆਂ ਲਾਂਹਵਦੀ ਏ।
ਕਾਮ ਲਾਚੜੀ, ਮਸਤ ਹਾਥੜੀ, ਦੁੰਦਾਂ ਮਾਰਦੀ, ਟੋਗ ਨਾ ਡਾਂਹਵਦੀ ਏ।
ਲੋਟਣ ਪਾਂਵਦੀ, ਲਟੋਰ ਓਡਾਂਵਦੀ, ਲਾਟ ਵਿਖਾਂਵਦੀ ਗੋਲੀ ਲਾਮ ਦੀ ਏ।
ਪੈਰੀਂ ਝੰਜ਼ਾਂ, ਝੰਜ਼ਾਂ 'ਚ ਗਾਣ ਘੁੰਗਰੂ, ਵਿੱਚ ਘੁੰਗਰੂਆਂ ਯਾਰ ਨਚਾਂਵਦੀ ਏ।
ਜੋਬਨ ਜਨਮ ਹੈ ਜਜ਼ਬਿਆਂ ਦਾ, ਜੋਸ਼ ਖਿੜਦਾ ਹੋਸ਼ੀ ਕੁਮਲਾਂਵਦੀ ਏ।
ਇਸ਼ਕ ਵਾਸ਼, ਰੂਹ 'ਸਬਾਤ ਬੂਟੀ, ਯਾਰ ਬੱਦਲੀ ਹੁਸਨ ਵਰਾਂਵਦੀ ਏ।
ਤਾਰ ਮਲੂਕ ਦੀ, ਤੋਰ ਮੁਕਬਲੇ ਦੀ, ਤੁਕ ਪਹਿਲੀ ਵਾਰਿਸ ਕਲਾਮ ਦੀ ਏ।
ਬੂਟੀ ਬਾਗ ਦੀ, ਗੰਦਲ ਸਾਗ ਦੀ, ਮਣੀ ਬਲੌਰ ਕੋਈ ਸ਼ਹਿਰ ਸ਼ਾਮ ਦੀ ਏ।
ਹੀਰ ਹੁਸਨ ਹੈ ਖ਼ੁਦਾ ਦੀ ਹੱਟੜੀ ਦਾ, ਕੋਕਲ ਕਾਸਦੀ ਫੁਰਮਾਂਵਦੀ ਏ।
ਰਾਂਝਾ ਹੀਰ ਦੀ, ਖ਼ੁਦਾ ਪੀਰ ਦੀ, ਕੁਦਰਤ ਕਾਦਰ ਦੀ ਕਾਰ ਕਮਾਂਵਦੀ ਏ।