ਇੱਕ ਸਵੇਰ ਦਾ ਦ੍ਰਿਸ਼ (ਵੱਖਰੇ ਨਾਂਵਾਂ ਨਾਲ਼) -3

ਨੱਕ ਤਿੱਲੀ ਗਹਿਣਾ ਮੇਖ ਵਰਗਾ, ਉੱਤੇ ਨਗ ਦਾਣਾ ਸਰ੍ਹੋਂ  ਜੜਾਂਵਦੀ ਏ ।

ਬਲਾਕ, ਕੋਕਾ, ਲੌਂਗ, ਨੁਕਰਾ, ਪਾ ਕੇ ਮੁੜ-ਮੁੜ ਨੱਕ 'ਚ ਦਿਖਾਂਵਦੀ ਏ।

ਪੌਂਡਾਂ ਪੰਦਰਾਂ ਨੂੰ ਪੱਟ ਵਿੱਚ ਗੁੰਦ ਕੇ, ਤੱਗਾ ਬਣਾਇ ਕੇ ਗਲ਼ੇ ਝਮਕਾਂਵਦੀ ਏ।

ਸਿੱਕੇ ਸੋਨੇ ਦੇ ਠਣਕਦੇ, ਗਲ਼ ਕੰਚਨੀ, ਬਾਘ-ਬੁਘਤੀ ਫੇਰ ਸਦਾਂਵਦੀ ਏ।

ਤਿੰਨ ਕੋਨੜਾ ਤਵੀਤ ਇਨਾਮ ਸੁਣੀਂਦਾ, ਧੌਣ ਨਗਾਂ ਵਾਲੀ ਜੁਗਨੀ ਸੁਹਾਵਦੀ ਏ ।

ਰਾਣੀ ਕੋਕਲਾਂ ਦੇ ਵਾਂਗੂੰ ਰਾਣੀਹਾਰ ਪਾਇਕੇ, ਗੁਲੂਬੰਦ ਨੂੰ ਗਲ਼ੇ ਲਿਸ਼ਕਾਂਵਦੀ ਏ।

ਹੱਸ-ਹੱਸ ਮਿਲੇ ਹੱਸ ਉਹਦੀ ਹਿੱਕ ਦਾ, ਜੱਫੀ ਹੁਸਨਾਂ ਦੀ ਹੱਸ ਜਦੋਂ ਪਾਂਵਦੀ ਏ।

ਹਿੱਕੜੀ 'ਤੇ ਉੱਤੇ ਹੌਲਦਿਲੀ ਰੱਖ ਕੇ, ਹੌਲ਼ੇ ਦਿਲਿਆਂ ਦੇ ਹੌਲ ਦਿਲੀਂ ਪਾਂਵਦੀ ਏ।

ਮਾਲਾ,ਲੌਕਟ,ਚੌਟਾਲਾ,ਸੈਟ ਨੌਂ ਰਤਨਾ, ਜ਼ੰਜੀਰੀ ਖੂਬ- ਖੂਬ ਗਲ਼ 'ਚ ਅਲਾਂਵਦੀ ਏ।

ਪਿੱਪ-ਪੱਤੀਆਂ ਨੂੰ ਲੋਹੜੇ ਦਾ ਗੁਮਾਨ ਹੋਂਵਦਾ,ਗੋਰੇ ਕੰਨਾਂ ਵਿੱਚ ਜਦੋਂ ਲਮਕਾਂਵਦੀ ਏ।

ਡੇਗੇ ਬਿਜਲੀ, ਬੁਜਲੀਆਂ ਪਾਏ ਕੇ ਤੇ, ਮੇਰੂ ਕੰਨਾਂ ਵਾਲੇ ਮੋਕਲੇ ਕਰਵਾਂਵਦੀ ਏ।

ਪਰੀ ਬੰਦ ਨੂੰ ਸਜਾ ਕੇ ਵਿੱਚਕਾਰ ਚੂੜੀਆਂ, ਗਲਵੱਕੜੀਆਂ ਹੁੱਬ-ਹੁੱਬ ਪਾਂਵਦੀ ਏ।

ਕਲੀਚੜੀ ਨੂੰ ਪਾ ਕੇ ਮੁਟਿਆਰ ਚੀਚੜੀ, ਆਰਸੀ ਅੰਗੂਠੇ 'ਚ ਸਜਾਂਵਦੀ ਏ।

ਸੋੰਹਦੇ ਜੂੜੇ ਵਿੱਚ ਮੋਤੀ ਬਘਿਆੜੀਆਂ,ਗੁੰਦ ਮੀਢੀਆਂ ਨੂੰ ਸੱਗੀਆਂ ਟਿਕਾਂਵਦੀ ਏ।

ਲਾਲੀ ਚੂਸਦੀ ਬੁੱਲ੍ਹਾਂ ਦੀ ਸਾਰੀ, ਮਛਲੀ ਜੋ ਨੱਕ ਵਿਚ ਨਚਾਂਵਦੀ ਏ।

ਬਿਛੂ ਪੈਰਾਂ ਵਿੱਚ ਪਾਏ,ਬਿੱਛੂ ਡੰਗ ਮਾਰਦੇ, ਬਾਂਕੀ ਛਣ-ਛਣ ਹੁੰਦੀ ਜਦੋਂ ਜਾਂਵਦੀ ਏ।

ਢੇਡੂ,ਡੰਡੀਆਂ, ਲੋਟਣ, ਬਾਲੀ, ਝੂਮਕੇ, ਸੋਨ ਚਿੜੀਆਂ ਨੂੰ ਕੰਨੀ ਚਹਿਕਾਂਵਦੀ ਏ ।

ਸਤਗੁਰ ਸਿੰਘਾ ਬਾਂਕਾਂ ਤੈਂ ਲੈ ਕੇ ਦਿੱਤੀਆਂ, ਨਾਮ ਓਪਰੇ ਦਾ ਬੋਲੇ ਖਣਕਾਂਵਦੀ ਏ।

📝 ਸੋਧ ਲਈ ਭੇਜੋ