ਪੱਲਾ ਹੀਰ ਦਾ ਸੈਦੇ ਨੂੰ ਫੜਾਇ ਕੇ ਤੇ, ਬੂਟਾ ਅੰਬ ਦਾ ਉਜਾੜੀਂ ਲਾਇ ਦਿੱਤਾ।
ਲੋਕੀ ਮੰਦੜਾ ਮੁੱਖੋਂ ਅਲਾਇ ਦੇ ਨੇ, ਵਿੱਚ ਦਾਲ ਦੇ ਕੋਕੜ ਰਲਾਏ ਦਿੱਤਾ।
ਸਖੀਆਂ ਆਖਦੀਆਂ ਚਾਚੇ ਚੁਚਕਾ ਵੇ, ਕੋਲੇ ਕੂੰਜ ਦੇ ਬਾਜ਼ ਬਹਾਇ ਦਿੱਤਾ।
ਬੋੜੇ ਖੂਹ ਵਿੱਚ ਬੱਚੀ ਨੂੰ ਬੋੜਦੇ ਨੇ,ਪਰੇ ਪਧਾਂਣੀਆਂ ਨੇ ਆਖ ਸੁਣਾਇ ਦਿੱਤਾ।
ਧੀ ਦੇ ਦੇ ਧੀਦੋ ਨੂੰ ਮਾਰ ਧਾਹਾਂ, ਦਿਓਤਾ ਦਰਦ ਦਾ ਜਿਮੀ ਪਟਕਾਇ ਦਿੱਤਾ।
ਖੜਦੁੰਬਿਆਂ, ਮੀਣਿਆਂ, ਲੰਙਿਆਂ ਨੇ, ਕਰਬਲਾ ਸਿਆਲਾਂ ਦਾ ਬਣਾਏ ਦਿੱਤਾ।
ਫੌਜ ਫਿਰਾਕ ਦੀ ਚਾੜ ਭਾਰੀ, ਅੱਗੇ ਸ਼ੌਕ ਦਾ ਸੈਨਾਪਤੀ ਖੜਾਇ ਦਿੱਤਾ।
ਕਾਜ਼ੀ ਸ਼ਮਸਦੀਨ ਕੁਚੱਜੜੇ ਨੇ,ਸਵਾਬ ਹੀਰ ਦੇ ਵਿਆਹ ਦਾ ਬਣਾਇ ਦਿੱਤਾ।
ਚਾਉ ਹੀਰ ਦਾ ਬਲੀਆਂ ਬੇਗਮਾਂ ਦਾ, ਕਿਸੇ ਸ਼ੈਤਾਨ ਨੇ ਬੰਨ੍ਹ ਬਿਠਾਏ ਦਿੱਤਾ।
ਚੰਨ ਚਮਕਦਾ ਜਿਮੀਂ ਨਾ ਭਾਂਵਦਾ ਸੀ, ਭੋਰਾ ਪੁੱਟ ਕੇ ਕਿਤੇ ਦਫ਼ਨਾਇ ਦਿੱਤਾ।
ਮੁਤਾਲਾ ਇਲਮ ਦਾ ਕਰਨ ਵਾਲਿਆਂ ਨੇ,ਗੱਦੋ ਵਾਂਗਰਾਂ ਲਿਟ ਦਿਖਾਇ ਦਿੱਤਾ।
ਭੰਡਾਂ ਲਾਗੀਆਂ ਮੋਮਨਾਂ ਕਾਜੀਆਂ ਨੇ,ਕਜੀਆ ਹੀਰ ਦੇ ਇਸ਼ਕ ਦਾ ਮੁਕਾਇ ਦਿੱਤਾ।
ਸਤਗੁਰ ਸਿੰਘਾਂ ਸੱਠ ਸਹੇਲੀਆਂ ਵਾਲੜੀ ਦਾ,ਚੋਰ-ਚੁੱਪ ਜਿਉਂ ਕਾਜ ਮੁਕਾਇ ਦਿੱਤਾ।