ਇਸ ਕਦਰ ਇਸ ਦੌਰ ਦਾ ਹੋਇਆ ਅਸਰ ਹੈ
ਭਟਕਦਾ ਰਹਿੰਦਾ ਨਗਰ ਦਾ ਹਰ ਬਸ਼ਰ ਹੈ
ਦਿਲ ’ਚ ਹੋਇਆ ਵਾਸ ਚਿਹਰੇ ਖ਼ਾਸ ਦਾ ਕੀ
ਰਾਤ ਸਾਰੀ ਚੰਨ ’ਤੇ ਰਹਿੰਦੀ ਨਜ਼ਰ ਹੈ
‘ਵੇਖ ਨਾ ਮੈਨੂੰ’ ਕਿਹਾ ਗਹਿਰੀ ਨਦੀ ਨੇ
‘ਬੁਲਬੁਲੇ ਦਾ ਵੇਖ ਕੀ ਹੁੰਦਾ ਹਸ਼ਰ ਹੈ’
ਕੀ ਭਲਾ ਕਰ ਲੈਣਗੇ ਰਾਹਾਂ ਦੇ ਕੰਡੇ
ਆਸ ਮੰਜ਼ਿਲ ਦੀ ਜੇ ਮੇਰੀ ਹਮਸਫ਼ਰ ਹੈ
ਬਿਰਖ ਨੂੰ ਧੁੱਪ ਲੈ ਗਈ ਹੈ ਵਰਗ਼ਲਾ ਕੇ
ਸੈਰ ਕਰਦੇ ਮੈਂ ਸੁਣੀ ਤਾਜ਼ਾ ਖ਼ਬਰ ਹੈ
ਲੋਕ ਹੀ ਆਦੀ ਨੇ ਖ਼ਬਰਾਂ ਮਾੜੀਆਂ ਦੇ
ਰੇਡੀਓ ਤਾਂ ਗੀਤ ਵੀ ਕਰਦਾ ਨਸ਼ਰ ਹੈ
ਆਸ਼ਕੀ ’ਚੋਂ ਜ਼ਿੰਦਗੀ ਨੂੰ ਭਾਲਦਾ ਹੀ
ਸ਼ਖ਼ਸ ਜਿਹੜਾ ਮਰ ਗਿਆ ਉਹ ਤਾਂ ‘ਅਮਰ’ ਹੈ