ਇਸ ਤਰ੍ਹਾਂ ਵੀ

ਹਾਕਮ ਸੋਚਦਾ ਹੋਣੈ

ਮੇਰੇ ਖ਼ੌਫ਼ ਅੱਗੇ ਕੀ ਮਜ਼ਾਲ ਕਿ 

ਕੋਈ ਟਿਕ ਸਕੇ

ਪਰ ਕੀ ਪਤਾ ਸੀ ਉਸਨੂੰ ? 

ਸਿਰੜ ਪੁਗਾਉਣ ਲਈ ਕੋ

ਈ ਨਿੱਤਰੇਗਾ ਇਸ ਤਰ੍ਹਾਂ ਵੀ 

ਕਿ ਦਿੱਲੀ ਦੇ ਸਿਰ ਫੋੜ ਸੁੱਟੇਗਾ 

ਆਪਣੇ ਸਰੀਰ ਦਾ ਠੀਕਰਾ 

ਤੇ ਲਾਲੋ ਲਾਲ ਕਰ ਸੁੱਟੇਗਾ 

ਦਿੱਲੀ ਦੀ ਫ਼ਿਜ਼ਾ ਇਸ ਤਰ੍ਹਾਂ ਵੀ

ਹਾਕਮ ਸੋਚਦਾ ਹੋਣੈ

ਲਾਲਚ ਦੇ ਚੋਗ ਅੱਗੇ

ਕੌਣ ਨਹੀਂ ਗਵਾ ਬਹਿੰਦਾ ਜ਼ਮੀਰ ਏਥੇ

ਪਰ ਕੀ ਪਤਾ ਸੀ ਉਸਨੂੰ ?

ਸਿਦਕ ਪੁਗਾਇਆ ਜਾਂਦਾ ਇਸ ਤਰ੍ਹਾਂ ਵੀ

ਕਿ ਫੁੱਲ ਭਰ ਜਿੰਦਾਂ ਵੀ

ਕਰ ਜਾਣਗੀਆਂ ਵੱਡੇ ਸਾਕੇ

ਸਰਹਿੰਦ ਦੀ ਆਬੋ ਹਵਾ ਨੂੰ

ਨਿੰਮੋਝੂਣਾ ਹੋਣਾ ਪਵੇਗਾ ਇਸ ਤਰ੍ਹਾਂ ਵੀ

ਤਖ਼ਤ ਤੇ ਬੈਠਾ ਹਾਕਮ

ਹਕੂਮਤ ਦੇ ਨਸ਼ੇ ਅੰਦਰ

ਸੋਚਣ ਲਗਦਾ ਇਸ ਤਰ੍ਹਾਂ ਵੀ

ਕਿ ਉਸਦਾ ਰਾਜ ਸਦਾ ਥਿਰ ਰਹਿਣਾ 

ਰਾਜ ਧਰਮ ਭੁੱਲ ਬਹਿੰਦਾ

ਜਨਤਾ ਨੂੰ ਕੀੜੇ ਮਕੌੜੇ ਸਮਝਦਾ 

ਪਾਣੀ ਸਿਰੋਂ ਲੰਘਦਾ, ਡੋਬੂ ਆਉਂਦਾ 

ਫਿਰ ਲੋਕਾਂ ਦਾ ਸਾਹ ਘੁੱਟਦਾ 

ਤਰਲੋ ਮੱਛੀ ਹੋਏ ਲੋਕ

ਇਕ ਹੁੰਦੇ ਇਸ ਤਰ੍ਹਾਂ ਵੀ

ਕਿ ਲੱਖ ਜਤਨਾਂ ਤੇ ਵੀ ਨਾ ਟੁੱਟਦੇ

ਇਕ ਹੋਏ ਇਹ ਲੋਕ

ਇਕ ਦਿਨ ਭੰਨ ਸੁੱਟਦੇ 

ਤਖ਼ਤ ਦੇ ਪਾਵੇ

ਜਿੱਤ ਜਾਂਦੇ ਮਿੱਟੀ ਦੇ ਬਾਵੇ

ਇਸ ਤਰ੍ਹਾਂ ਵੀ

📝 ਸੋਧ ਲਈ ਭੇਜੋ