ਇਸ਼ਕ ਅਜਿਹਾ ਜਾਦੂ ਕੀਤਾ।
ਸਾਰੇ ਜੱਗ ਨੂੰ ਕਾਬੂ ਕੀਤਾ।
ਸ਼ਾਹ ਹੁਸੈਨ ਦੀ ਅੱਖ ਉਘੇੜੀ,
ਹੋਰ ਭਲਾ ਕੀ ਮਾਧੋ ਕੀਤਾ।
ਨਫ਼ੀ ਅਸਬਾਤ ਨੂੰ ਪਾਣੀ ਮਿਲਿਆ,
ਲੂੰ ਲੂੰ ਬਾਹੂ ਬਾਹੂ ਕੀਤਾ।
ਵੇਲੇ ਕੰਨੀਂ ਮੁੰਦਰਾਂ ਪਾਈਆਂ,
ਰੁੱਤ ਸਮੇ ਨੂੰ ਸਾਧੂ ਕੀਤਾ।
ਤੇਰੇ ਤੇ ਇਤਬਾਰ ਸੱਜਣ ਮੈਂ,
ਆਪਣੇ ਆਪ ਤੋਂ ਵਾਧੂ ਕੀਤਾ।
ਸਾਹਵਾਂ ਤੇਰੀ ਤਸਬੀ ਕੀਤੀ,
ਦਮ ਦਮ ਯਾਹੂ ਯਾਹੂ ਕੀਤਾ।
ਇਸ਼ਕ ਦਾ ਹਰ ਫ਼ਰਮਾਨ ਮੈਂ ਸੁਗ਼ਰਾ।
ਆਪਣੀ ਜ਼ਾਤ ਤੇ ਲਾਗੂ ਕੀਤਾ।