ਇਸ਼ਕ ਦੇ ਚੁੱਲ੍ਹੇ ਦਿਲ ਦੀਆਂ ਪੀੜਾਂ ਧੂਣੀ ਵਾਂਗ ਧੁਖ਼ਾਈ ਰੱਖ।
ਬਾਲ ਕੇ ਸੱਧਰਾਂ ਵਾਲਾ ਬਾਲਣ ਪਿਆਰ ਦਾ ਮੱਚ ਮਚਾਈ ਰੱਖ।
ਜਦ ਤੱਕ ਤੇਰੇ ਸਾਹ ਚਲਦੇ ਨੇ ਇਸ਼ਕ ਦਾ ਕੰਮ ਚਲਾਈ ਰੱਖ,
ਦੁਨੀਆ ਨਾਲ਼ ਨਹੀਂ ਨਿਭਦੀ ਭਾਵੇਂ ਨਿਭਦੀ ਜਿਵੇਂ ਨਿਭਾਈ ਰੱਖ।
ਕੰਧਾਂ ਨੂੰ ਵੀ ਕੰਨ ਹੁੰਦੇ ਨੇ ਭੇਦ ਇਸ਼ਕ ਦਾ ਖੋਲ੍ਹੇ ਨਾ,
ਵਿਚਲੀ ਗੱਲ ਨੂੰ ਵਿਚਲਾ ਜਾਣੇ ਵਿਚਲੀ ਬਾਤ ਲੁਕਾਈ ਰੱਖ।
ਖ਼ਾਲੀ ਅੱਖਾਂ ਵੇਖ ਕੇ ਕੋਈ ਠੱਗ ਨਾ ਵਿਹੜੇ ਲੰਘ ਆਵੇ,
ਅੱਖ ਦੇ ਆਹਲਣੇ ਅੰਦਰ ਉਹਦੀ ਇੱਕ ਤਸਵੀਰ ਸਜਾਈ ਰੱਖ।
ਓੜਕ ਵਸਲ ਦਾ ਸੱਦਾ ਲਾਗੀ ਬੱਦਲ਼ ਲੈ ਕੇ ਆਵੇਗਾ,
ਦਿਲਾ! ਤੂੰ ਹਿੰਮਤ ਨਾਲ਼ ਹਿਜਰ ਦੇ ਔਖੇ ਡੰਗ ਟਪਾਈ ਰੱਖ।
ਉਹਦਾ ਮਿਲਣਾ ਨਾ ਮਿਲਣਾ ਤੇ ਝੱਲੀਏ ਗੱਲ ਮੁਕੱਦਰਾਂ ਦੀ,
ਤੂੰ ਬੱਸ ਉਹਦੀਆਂ ਯਾਦਾਂ ਨਾਲ਼ ਈ ਮੰਨ ਅਪਣਾ ਪਰਚਾਈ ਰੱਖ।
ਸੋਚਾਂ ਦੀ ਅਲਮਾਰੀ ਅੰਦਰ ਸਾਂਭ ਨਾ ਸੱਜਰੀ ਸੱਧਰ ਨੂੰ,
ਚਾਵਾਂ ਦੇ ਹੋਠਾਂ ਤੇ ਫੱਬਦੀ ਆਸਾਂ ਦੀ ਸ਼ਹਿਨਾਈ ਰੱਖ।
ਫੁੱਲ ਜਿਵੇਂ ਸ਼ਬਨਮ ਦੇ ਤਬਕੇ ਪੀ ਕੇ ਖਿੜ ਖਿੜ ਜਾਂਦੇ ਨੇ,
ਤੂੰ ਵੀ ਆਪਣੇ ਹੰਝੂਆਂ ਦੇ ਵਿਚ ਹਾਸਿਆਂ ਨੂੰ ਵਰਤਾਈ ਰੱਖ।
ਨਿੱਤ ਸੱਤ ਰੰਗਲੀ ਪੀਂਘ ਦੇ ਝੂਟੇ ਤੂੰ ਸੱਧਰਾਂ ਨੂੰ ਦਿੱਤੀ ਜਾ,
ਰੰਗਲੇ ਚਾਵਾਂ ਵਾਲੀ ਗੱਡੀ ਅੰਬਰੀਂ ਨਿੱਤ ਉਡਾਈ ਰੱਖ।
ਫ਼ਿਰ ਦਰਦਾਂ ਦਾ ਧਾਗਾ ਲੈ ਕੇ ਸਾਵਣ ਰੁੱਤੇ ਫੁੱਲ ਪਰੋ,
ਹਿੱਜਰਾਂ ਡੰਗੇ ਸਮੇਂ ਨੂੰ ਮੇਲ ਦੇ ਮਿਠੜੇ ਗੀਤ ਸੁਣਾਈ ਰੱਖ।
ਅਜ਼ਲੋਂ ਟੁਰਿਆ ਇਸ਼ਕ ਨਿਮਾਣਾ ਤੇਰੇ ਦਰ ਆਇਆ ਏ,
ਸਦਫ਼ ਤੂੰ ਉਹਨੂੰ ਗਲ ਨਾਲ਼ ਲਾ ਕੇ ਮੰਨ ਵਿਹੜਾ ਰੁਸ਼ਨਾਈ ਰੱਖ।