ਇਸ਼ਕ ਦੇ ਨੀਲੇ ਪਰਬਤ

ਮੈਂ ਕੱਲੀ, ਰਸਤੇ ਵੀ ਕੱਲੇ ਨਾਲ਼ ਮੇਰੇ ਕੋਈ ਚੱਲੇ।

ਇਸ਼ਕ ਦੇ ਨੀਲੇ ਪਰਬਤ ਥੱਲੇ ਨਾਲ਼ ਮੇਰੇ ਕੋਈ ਚੱਲੇ।

ਕੌਣ ਏ ਜਿਹੜਾ ਵਾਅ ਦੇ ਓਹਲੇ ਵਾਜਾਂ ਮਾਰੀ ਜਾਵੇ,

ਕੁੱਝ ਨਹੀਂ ਪੈਂਦਾ ਮੇਰੇ ਪੱਲੇ ਨਾਲ਼ ਮੇਰੇ ਕੋਈ ਚੱਲੇ।

ਹੌਲੀ ਹੌਲੀ ਢਲ਼ਦਾ ਜਾਵੇ, ਸੱਧਰਾਂ ਦਾ ਪਰਛਾਵਾਂ,

ਢਲਦੀ ਜਿੰਦ ਨੂੰ ਜਿਹੜਾ ਠ੍ਠੱਲੇ ਨਾਲ਼ ਮੇਰੇ ਕੋਈ ਚੱਲੇ।

ਮੇਰੇ ਵੱਲੇ ਹੋ ਕੇ ਜਿਹੜਾ ਮੇਰੇ ਵੱਲ ਨਹੀਂ ਆਇਆ

ਟੁਰ ਪਈ ਆਂ ਮੈਂ ਉਹਦੇ ਵੱਲੇ ਨਾਲ਼ ਮੇਰੇ ਕੋਈ ਚਲੇ।

ਰੂਹ ਦਰਸ਼ਨ ਦੀਦਾਰ ਦੀ ਤੱਸੀ ਲੱਗਣਾ ਸੱਚ ਦੇ ਮੱਥੇ,

ਅੱਖ ਨਾ ਤਾਬ ਹੁਸਨ ਦੀ ਝੱਲੇ ਨਾਲ਼ ਮੇਰੇ ਕੋਈ ਚੱਲੇ।

ਉਹਦੀ ਯਾਦ ਚ ਐਵੇਂ ਡੁੱਬੀ ਅਪਣਾ ਚੇਤਾ ਭੁੱਲਿਆ,

ਅੱਥਰੂ ਨਾਹੀਂ ਜਾਂਦੇ ਠੱਲੇ ਨਾਲ਼ ਮੇਰੇ ਕੋਈ ਚੱਲੇ।

ਗ਼ਰਜ਼ਾਂ ਦੀ ਵਸਤੀ ਚੋਂ ਮੇਰੇ ਨਾਲ਼ ਸੀ ਕਿਹਨੇ ਟੁਰਨਾ,

ਫ਼ਿਰ ਵੀ ਮੈਂ ਸੁਨੇਹੜੇ ਘੱਲੇ ਨਾਲ਼ ਮੇਰੇ ਕੋਈ ਚੱਲੇ।

ਮੈਂ ਝੱਲੀ ਆਂ ਬਿਲਕੁਲ ਝੱਲੀ ਅੜੀਓ ਨੀ ਮੈਂ ਝੱਲੀ,

ਸੁਣਿਆਏ ਓਧਰ ਵੀ ਨੇ ਝੱਲੇ ਨਾਲ਼ ਮੇਰੇ ਕੋਈ ਚੱਲੇ।

ਸੱਸੀ ਮਾਰੂਥਲ ਵਿਚ ਰੁਲ਼ ਗਈ ਖ਼ਾਨ ਪੁਨੱਲ ਨਹੀਂ ਆਇਆ,

ਛੱਡ ਗਏ ਸੱਜਣ ਸਾਕ ਨਿਗੱਲ਼ੇ ਨਾਲ਼ ਮੇਰੇ ਕੋਈ ਚੱਲੇ।

ਮੇਰੀ ਮਿੱਟੀ ਸੁੰਨਾ ਹੋ ਗਈ ਪਹਿਨ ਫ਼ਕ਼ਰ ਦਾ ਬਾਣਾ,

ਲਾਹ ਛੱਡੇ ਨੇ ਛਾਪਾਂ ਛੱਲੇ ਨਾਲ਼ ਮੇਰੇ ਕੋਈ ਚੱਲੇ।

ਇਸ਼ਕ ਬੁਲਾਵੇ ਮੈਨੂੰ ਸੁਗ਼ਰਾ ਟੋਰ ਮੇਰੀ ਫ਼ਿਰ ਬੋਲੇ,

ਮੋਰ ਵੀ ਆਖਣ ਬੱਲੇ ਬੱਲੇ ਨਾਲ਼ ਮੇਰੇ ਕੋਈ ਚਲੇ।

📝 ਸੋਧ ਲਈ ਭੇਜੋ