ਇਸ਼ਕ ਨੂੰ ਹੱਕ ਦਾ ਰਾਹ

ਇਸ਼ਕ ਨੂੰ ਹੱਕ ਦਾ ਰਾਹ ਕੀਤਾ ਏ।

ਮੈਂ ਕੋਈ ਯਾਰ ਗੁਨਾਹ ਕੀਤਾ ਏ?

ਹਾਂ ਮੈਂ ਧੋਖਾ ਖਾਦਾ ਸੀ,

ਹਾਂ ਮੈਂ ਫ਼ਿਰ ਵਸਾਹ ਕੀਤਾ ਏ।

ਅੰਨ੍ਹੇਵਾਹ ਮੈਂ ਦਰਦ ਕਮਾਇਆ,

ਪਿਆਰ ਜੋ ਅੰਨ੍ਹੇਵਾਹ ਕੀਤਾ ਏ।

ਉਹਦੇ ਫੁੱਲਾਂ ਵਰਗੇ ਹਾਸੇ,

ਮੈਨੂੰ ਖਿੱੜੀ ਕਪਾਹ ਕੀਤਾ ਏ।

ਅਜ਼ਲੋਂ ਮੇਰੀ ਰੂਹ ਕੰਵਾਰੀ,

ਜੁੱਸੇ ਨਾਲ਼ ਵਿਆਹ ਕੀਤਾ ਏ।

ਦੁਨੀਆ ਦੇ ਸੰਗ ਨਿਭਦੀ ਨਹੀਂ ਸੀ,

ਧੱਕੇ ਨਾਲ਼ ਨਿਭਾ ਕੀਤਾ ਏ।

ਵਿੱਛੜ ਗਈਆਂ ਦੇ ਚੇਤੇ ਮੇਰਾ,

ਔਖਾ ਲੈਣਾ ਸਾਹ ਕੀਤਾ ਏ।

ਜੱਗ ਦੀ ਕੀ ਪ੍ਰਵਾਹ ਸੁਗ਼ਰਾ ਨੂੰ,

ਇਸ਼ਕ ਨੇ ਬੇ-ਪ੍ਰਵਾਹ ਕੀਤਾ ਏ।

ਅੱਖ ਤੇ ਸੁਫ਼ਨੇ ਰਲ ਕੇ ਅੱਜ,

ਦਿਲ ਦਾ ਸ਼ਹਿਰ ਤਬਾਹ ਕੀਤਾ ਏ।

ਜਦ ਮੈਂ ਇਸ਼ਕ ਦੀ ਪੇਸ਼ੀ ਭੁਗਤੀ,

ਅਪਣਾ ਆਪ ਗਵਾਹ ਕੀਤਾ ਏ।

ਸੁਗ਼ਰਾ ਸੱਦਫ਼ ਦੀ ਗ਼ਜ਼ਲ ਅਨੋਖੀ,

ਸੁਖ਼ਨਵਰਾਂ ਵਾਹ ਵਾਹ ਕੀਤਾ ਏ।

***

ਪ੍ਰੇਮ ਦੇ ਇੱਕ ਪੱਤਰ ਤੇ ਸਾਰਾ ਮੌਸਮ ਵਿਕਿਆ ਚੇਤਰ ਦਾ।

ਮੂਰਖ ਸਾਹਵੇਂ ਮੂਰਤ ਬਣ ਕੇ ਫ਼ੋਟੋ ਛਿਕਿਆ ਚੇਤਰ ਦਾ।

 

***

📝 ਸੋਧ ਲਈ ਭੇਜੋ