ਜਾਹ ਉਡ ਜਾ ਚਿੜੀਏ ਨੀ ਦੁੱਖ ਧਰਤੀ ਫੋਲੇਗੀ
ਉੱਜੜ ਸਭ ਬਾਗ ਗਏ ਕਿੱਥੇ ਬੁਲਬੁਲ ਬੋਲੇਗੀ
ਜਾਹ ਉਡ ਜਾ ਚਿੜੀਏ ਨੀ ਕਿੰਨੇ ਟੁੱਟਗੇ ਤਾਰੇ ਨੇ
ਚਾਅ ਮਹਿਲ ਬੇਗਾਨੇ ਦੇ ਢਾਏ ਆਪਣੇ ਢਾਰੇ ਨੇ
ਕੁਝ ਦਸੀਂ ਚਿੜੀਏ ਨੀ ਕਿਵੇਂ ਦਰਦ ਸੰਭਾਲਾਂਗੇ
ਰੁੱਸੇ ਤਾਂ ਮੁੜ ਪੈਂਦੇ ਮੋਏ ਕਿੱਥੋਂ ਭਾਲਾਂਗੇ
ਆਹ ਵੇਖੀਂ ਚਿੜੀਏ ਨੀ ਤੂੰ ਹਾਲਤ ਮਾਵਾਂ ਦੀ
ਅਜੇ ਤੀਕ ਪਈ ਵਿਲਕੇ ਮਿੱਟੀ ਸਭਰਾਵਾਂ ਦੀ
ਕੁਝ ਦੱਸ ਵੀ ਚਿੜੀਏ ਨੀ ਕੌਣ ਗਲ ਨੂੰ ਲਾਵੇਗਾ
ਅੰਬਰ ਜੇ ਰੁੱਸ ਬੈਠਾ ਚੰਨ ਕਿੱਧਰ ਜਾਵੇਗਾ
ਇੰਜ ਲੱਗਦੈ ਚਿੜੀਏ ਨੀ ਹਿਰਨਾਂ ਦੀ ਹਾਅ ਲੱਗੀ
ਕੁੱਲ ਜੰਗਲ ਸਹਿਮ ਗਿਆ ਬੜੀ ਪੁੱਠੀ ’ਵਾ ਵੱਗੀ
ਜਾ ਲੁਕ ਜਾ ਚਿੜੀਏ ਨੀ ਏਥੇ ਕਦਰ ਨਾ ਜਾਨਾਂ ਦੀ
ਰੁੱਖ ਜੜ੍ਹ ਤੋਂ ਡੋਲ ਗਏ ਬਦ ਨੀਤ ਤੂਫਾਨਾਂ ਦੀ
ਚਿੜੀਏ ਦੱਸ ਬੋਟਾਂ ਨੂੰ ਵੇਲੇ ਕਰੜੇ ਆ ਰਹੇ ਨੇ
ਪੁੱਤ ਜੀਉਂਦੇ ਬਾਪੂ ਦਾ ਕਿਉਂ ਸਿਵਾ ਜਗਾ ਰਹੇ ਨੇ
ਕਿੱਥੇ ਜਾਏਂਗੀ ਚਿੜੀਏ ਨੀ ਹਾਣੀ ਵੀ ਮੁੱਕ ਗਏ ਨੇ
ਜਿੱਥੇ ਜਾ ਕੇ ਬਹਿਣਾ ਸੀ ਉਹ ਟਾਹਣ ਹੀ ਟੁੱਟ ਗਏ ਨੇ
ਆ ਬਹਿ ਜਾ ਚਿੜੀਏ ਨੀ ਕੋਈ ਘਰ ਦੀ ਗੱਲ ਕਰੀਏ
ਬੜਾ ਵਕਤ ਭਿਆਨਕ ਏ ਇਹਦਾ ਰਲਕੇ ਦੁੱਖ ਜਰੀਏ
ਘੁੱਗੀ ਨੂੰ ਘੱਲ ਚਿੜੀਏ ਉਹਨਾਂ ਨੂੰ ਕਹਿ ਆਵੇ
ਆਪਾਂ ਤਾਂ ਮੁੱਕ ਜਾਣੈ ਪਿੰਡ ਵੱਸਦਾ ਰਹਿ ਜਾਵੇ
ਜਾ ਉਡ ਜਾ ਚਿੜੀਏ ਨੀ ਉਡ ਬਹਿ ਜਾ ਕਿੱਕਰਾਂ 'ਤੇ
ਕੀ ਬੀਤੀ ਹੋਵੇਗੀ ਬੇਲੇ ਗਏ ਮਿੱਤਰਾਂ 'ਤੇ
ਜਾ ਉਡ ਜਾ ਚਿੜੀਏ ਨੀ, ਉਡ ਬਹਿ ਜਾ ਬੇਰੀ 'ਤੇ
ਦਰਦਾਂ ਦੇ ਕਿੱਸੇ ਵੀ, ਹਰ ਥਾਂ ਨਹੀਂਉ ਛੇੜੀਦੇ