ਜਦ ਜਹਾਜ਼ਾਂ ਨੂੰ ਚਿੜੀ ਉਹ ਵੇਖਦੀ ਹੈ
ਤਾਂ ਪਰਾਂ ਬਾਬਤ ਬਹੁਤ ਕੁਝ ਸੋਚਦੀ ਹੈ
ਜਿਸਦੇ ਅੰਦਰ ਸੀ ਕਈ ਤਾਰੂ ਗਵਾਚੇ
ਉਸ ਨਦੀ ਦਾ ਨਾਮ ਹੁਣ ਸੁੱਕੀ ਨਦੀ ਹੈ
ਪਿਆਸ ਉਸਦੀ ਨੂੰ ਸਮਰਪਿਤ ਕੀ ਕਰਾਂ ਮੈਂ
ਜੋ ਸਮੁੰਦਰ ਵਿਚ ਵੀ ਰਹਿੰਦੀ ਸਹਿਕਦੀ ਹੈ
ਪੜ੍ਹ ਕੇ ਜਿਸਨੂੰ ਸ਼ਾਂਤ ਚਿੱਤ ਉਹ ਹੋ ਗਏ ਨੇ
ਉਸ ਕਥਾ ਦੀ ਹਰ ਸਤਰ ਹੀ ਭਟਕਦੀ ਹੈ
ਰਾਮ ਜਾਣੀ—ਜਾਣ ਕਿਉਂ ਇਹ ਜਾਣਦਾ ਨਾ
ਮਰ ਗਿਆ ਰਾਵਣ ਮਰੀ ਪਰ ਨਾ ਬਦੀ ਹੈ
ਰਾਤ ਭਰ ਜੋ ਜਾਗਦੀ ਹੈ ਨਾਲ ਮੇਰੇ
ਉਸ ਗ਼ਜ਼ਲ ਵਿਚ ਧੁੱਪ ਹੀ ਬਸ ਲਿਸ਼ਕਦੀ ਹੈ
ਮੈਂ ਚਰਿੱਤਰ ਦੀ ਜਦੋਂ ਵੀ ਗੱਲ ਛੇੜੀ
ਆਖਿਆ ਉਸਨੇ ਕਿ ਹੁਣ ਇੱਕੀਵੀਂ ਸਦੀ ਹੈ