ਜਦ ਕਦੇ ਮੈਂ ਆਪਣੇ ਨਜ਼ਦੀਕ ਹੁੰਦਾ ਹਾਂ
ਫੈਲਿਆ ਮੈਂ ਦੂਰ ਅੰਬਰ ਤੀਕ ਹੁੰਦਾ ਹਾਂ
ਮੈਂ ਨਹੀਂ ਚਾਹੁੰਦਾ ਕਿਸੇ ਤੋਂ ਮਾਨਤਾ ਯਾਰੋ
ਆਪ ਹੀ ਮੈਂ ਆਪਣੀ ਤਸਦੀਕ ਹੁੰਦਾ ਹਾਂ
ਪਿਆਰ ਦੇ ਵਿਚ ਸੋਚਣਾ ਮੈਨੂੰ ਨਹੀਂ ਆਉਂਦਾ
ਪਿਆਰ ਵਿਚ ਮੈਂ ਸੋਚ ਤੋਂ ਬਾਰੀਕ ਹੁੰਦਾ ਹਾਂ
ਹਰ ਅਦਾ ਤੇਰੀ ਜੇ ਕਹਿੰਦੀ ਸ਼ੇਅਰ ਹੈ ਕੋਈ
ਮੈਂ ਮੁਕੰਮਲ ਗ਼ਜ਼ਲ ਦੀ ਤੌਫ਼ੀਕ ਹੁੰਦਾ ਹਾਂ
ਗ਼ਮ ਨਹੀਂ ਕੋਈ ‘ਅਮਰ’ ਜੇ ਉਹ ਗ਼ਲਤ ਸਾਰੇ
ਰੰਜ ਹੈ ਕਿ ਮੈਂ ਹਮੇਸ਼ਾ ਠੀਕ ਹੁੰਦਾ ਹਾਂ