ਮੈਂ ਉਸ ਨੂੰ ਪੁੱਛਿਆ

"ਤੈਨੂੰ ਮੇਰੇ ਨਾਲ

ਮੇਰੇ ਜਿੰਨੀ

ਮੇਰੇ ਵਰਗੀ

ਮੁਹੱਬਤ ਕਿਉਂ ਨਹੀਂ?"

ਉਸ ਆਖਿਆ

"ਕਮਲੀਏ!!

ਮੁਹੱਬਤ ਤਾਂ ਸਹਿਜੇ-ਸਹਿਜੇ

ਪਨਪਣ ਵਾਲਾ ਜਜ਼ਬਾ ਹੈ

ਦਾਵਿਆਂ ਨਾਲ ਮੁਹੱਬਤ ਨਹੀਂ ਹੁੰਦੀ

ਮੈਨੂੰ ਪਤੈ

ਤੇਰੇ ਅੰਦਰ ਦੀ ਮੁਹੱਬਤ ਦਾ

ਜਿੱਥੇ ਮੈਂ ਹੀ ਮੈਂ ਹਾਂ

ਕਦੀ ਤੂੰ ਵੀ

ਮੇਰੇ ਅੰਦਰ ਝਾਤੀ ਮਾਰੀਂ

ਮੇਰੇ ਅੰਦਰ ਵੀ

ਦਿਸਹੱਦਿਆਂ ਤੋਂ ਪਰ੍ਹੇ ਤੀਕ

ਤੇਰੇ ਤੋਂ ਸਿਵਾ

ਕੋਈ ਵੀ ਨਹੀਂ

ਤੈਨੂੰ ਪਤਾ ਹੋਣੈ

ਮੈਂ ਤੈਨੂੰ ਤੇਰੇ ਜਿਸਮ ਤੋਂ

ਪਰ੍ਹੇ ਹੋ ਕੇ ਦੇਖਦਾ ਹਾਂ

ਤੇ ਮੈਨੂੰ ਪਤਾ

ਤੂੰ ਮੈਨੂੰ ਦੁਨੀਆਂਦਾਰੀ ਤੋਂ

ਪਰ੍ਹੇ ਹੋ ਕੇ ਲੋਚਦੀ ਹੈਂ।

-------

ਤੂੰ ਕਿੰਨੀ ਸਹਿਜ ਏਂ?

ਕਿੰਨੀ ਸਹਿਜਤਾ ਨਾਲ ਤੂੰ

ਭਾਂਡੇ ਮਾਂਜ-ਸੰਵਾਰ

ਸੈਲਫਾਂ 'ਤੇ ਸਜਾ ਦਿੰਨੀ ਏਂ

ਕਿੰਨੀ ਸਹਿਜਤਾ ਨਾਲ ਤੂੰ

ਰੋਟੀ-ਪਾਣੀ ਤਿਆਰ ਕਰ

ਸਾਰੇ ਟੱਬਰ ਨੂੰ ਰਜਾ ਦਿੰਨੀ ਏਂ

ਰਿਸ਼ਤਿਆਂ ਦੀ ਉਲਝੀ ਤਾਣੀ ਦਾ

ਕਿੰਨੀ ਸਹਿਜਤਾ ਨਾਲ ਤੂੰ

ਤੰਦ-ਤੰਦ ਸੁਲਝਾ ਦਿੰਨੀ ਏਂ

ਉਖੜ ਜਾਂਦੇ ਨੇ ਅਕਸਰ

ਮੇਰੇ ਵੀ ਕਦਮ

ਕਿੰਨੀ ਸਹਿਜਤਾ ਨਾਲ ਤੂੰ

ਬਾਹਾਂ 'ਚ ਬਚਾ ਲੈਨੀਂ ਏਂ

ਖਾਹ-ਮਖਾਹ ਮੈਂ

ਅੱਖਰਾਂ ਸੰਗ ਉਲਝਿਆ ਰਹਿੰਨਾਂ

ਕਿੰਨੀ ਸਹਿਜਤਾ ਨਾਲ ਤੂੰ

ਮੇਰਾ ਸਿਰ ਪਲੋਸ

ਮੱਥਾ ਚੁੰਮ

ਮੈਥੋਂ ਕਵਿਤਾ ਬਣਵਾ ਦਿੰਨੀ ਏਂ

ਸੱਚ!!!

ਤੇਰੀ ਸਹਿਜਤਾ ਨਾਲ

ਮੇਰੀ ਕਾਇਨਾਤ ਵੱਸਦੀ ਏਂ!!!

📝 ਸੋਧ ਲਈ ਭੇਜੋ