ਜਲ–ਜਮਣੀ

ਜਦੋਂ ਧੁੱਪ ਦੇ ਦੁਪੱਟਿਆਂ ‘ਚੋਂ,ਠਰੀ-ਪੌਣ ਲੰਘਦੀ

ਅੱਖ-ਅੰਬਰੀ ਵੀ, ਕਾਸ਼ਨੀ ਸਲਾਈ ਮੰਗਦੀ

ਕੂੰਜਾਂ ਸਿੱਖਦੀਆਂ ਮੋਰਾਂ ਕੋਲ਼ੋਂ, ਚੱਜ ਕੁੜੀਓ

ਨੀਂ ਮੈਂਨੂੰ ਓਦੋਂ ਮੇਰਾ, ਉੱਚਾ ਲਗਦਾ ਸਫ਼ੈਦਿਆਂ ਤੋਂ ਕੱਦ ਕੁੜੀਓ !

ਕੱਚੀ-ਰੁੱਤ ਵਿੱਚ ਘਟਾ ,ਓਟੇ ਕੋਲ਼ੋ ਮੁੜਦੀ

ਹਿੱਕ ਨਾਬਰੀ ‘ਜੀ, ਬੱਦਲਾਂ ਦੇ ਨਾਲ਼ ਜੁੜਦੀ

ਲਵੇ ਸੂਸੀ ਚੁੰਨੀ ਅੰਬਰਾਂ ਨੂੰ , ਕੱਜ ਕੁੜੀਓ

ਨੀ ਮੈਂਨੂੰ ਓਦੋਂ ਮੇਰਾ, ਉੱਚਾ ਲਗਦਾ ਸਫ਼ੈਦਿਆਂ ਤੋਂ ਕੱਦ ਕੁੜੀਓ !

ਕੌਣ ਰਗਾਂ ‘ਚ ਉਤਾਰ ਗਿਆ, ਜਲ-ਜਮਣੀ

ਸੂਹੀ ਸਿੱਲ ਵਾਂਗੂੰ ਜਮੀ ਜਾਵੇ, ਖ਼ੂਨ-ਖਮਨੀ

ਲੱਖਾਂ ਸੂਰਜਾਂ ਦਾ ਸੇਕ ਲਵਾਂ, ਚੱਬ ਕੁੜੀਓ

ਨੀ ਮੈਂਨੂੰ ਓਦੋਂ ਮੇਰਾ ,ਉੱਚਾ ਲਗਦਾ ਸਫ਼ੈਦਿਆਂ ਤੋਂ ਕੱਦ ਕੁੜੀਓ !

ਅੱਕਾਂ ਦੀਆਂ ਡੋਡੀਆਂ ਦਾ,ਬਣੇ ਮਖਿਆਲ਼

ਚੂਪ ਲਵਾਂ ਕੱਕੜੀਆਂ,ਉੱਠਦੇ ਖ਼ਿਆਲ

ਕੌੜ੍ਹ-ਜੜ੍ਹਾਂ ‘ਚ ਪਤਾਸੇ ਆਵਾਂ ਦੱਬ ਕੁੜੀਓ

ਨੀ ਮੈਂਨੂੰ ਓਦੋਂ ਮੇਰਾ, ਉੱਚਾ ਲੱਗਦਾ ਸਫੈਦਿਆਂ ਤੋਂ ਕੱਦ ਕੁੜੀਓ !

📝 ਸੋਧ ਲਈ ਭੇਜੋ