ਜੰਡਾਂ ਦੀ ਚੁੱਪ

ਜੱਟ ਦੀ ਗੱਲ, ਪਈ ਹੈ ਚੱਲ, ਰਾਤ ਗਈ ਢਲ਼, ਵਾਹੁਣਾ ਹਲ਼ ਤੇ ਲਾਉਣਾ ਪਾਣੀ

ਖੁੱਲ੍ਹੇ ਨੇ ਕੇਸ, ਮੋਢੇ ‘ਤੇ ਖੇਸ, ਬਿਰਾਗੀ ਭੇਸ, ਲਈ ਲਪੇਟ ਬਈ ਪੱਗ ਪੁਰਾਣੀ

ਸੜਦੇ ਪੈਰ, ਉੱਤੋਂ ਦੁਪਹਿਰ, ਵਰਤਿਆ ਕਹਿਰ, ਨਾ ਜੱਟੀ ਆਈ ਖਸਮ ਨੂੰ ਖਾਣੀ

ਮਸ਼ੀਨ ਪੁਰਾਣੀ, ਬੇਰੀ ਦੀ ਟਾਹਣੀ, ਜਿੰਦ ਨਿਮਾਣੀ,ਸਦਾ ਹੀ ਉਲਝੀ ਚੜਾਈ ਤਾਣੀ

ਸੁੱਕੀ ਸੀ ਸੌਣੀ, ਹੋਈ ਨਾ ਰੌਣੀ, ਤੀਮੀ ਨੂੰ ਤੌਣੀ, ਪੇਕੇ ਨੂੰ ਚੱਲੀ, ਹੋ ਗਿਆ ਟੱਲੀ,

ਪੈ ਗਿਆ ਬਾਹਰ ਤੇ ਹੋਇਆ ਬਿਮਾਰ, ਜੰਡਾਂ ਦੀ ਚੁੱਪ, ਕੜਕਦੀ ਧੁੱਪ,

ਸੜ ਗਿਆ ਕੁੱਪ, ਬੋਲਿਆ ਹਾੜ੍ਹ, ਲਟਕਦੀ ਲਾਸ਼ ਵਿੱਚ ਉਜਾੜ।

ਅੱਕ ਦੀ ਅੰਬੀ, ਕਾਹੀ ਦੀ ਫੰਬੀ, ਛੜੇ ਦੀ ਤੰਬੀ,ਵੈਲੀ ਨੂੰ ਮੰਗੀ ਚਾਰਾਂ ਦੇ ਲੇਖ ਮਾੜੇ

ਆਪ ਸ਼ਰਾਬੀ, ਰੰਨ ਨਵਾਬੀ, ਖਚਰੀ ਭਾਬੀ, ਹੱਟ ਨੂੰ ਚਾਬੀ ਬਣਨ ਉਜਾੜੇ

ਤੇਲੀ ਦਾ ਗੱਪ, ਬਿੱਲੀ ਦੀ ਅੱਖ, ਹੱਡਾਂ ਦੀ ਭੱਖ, ਸ਼ੂਕਰਿਆ ਸੱਪ ਨਾ ਜਾਂਦੇ ਆਲ਼ੇ

ਮਾਛੀ ਦੀ ਰੰਨ, ਚੁਗਲ ਦਾ ਕੰਨ, ਜਰੀ ਗੰਨ, ਜੱਟ ਦੀ ਜੰਨ, ਨਾ ਬਣਨ ਵਸਾਹਾਂ ਵਾਲ਼ੇ

ਬਾਂਦੀ ਤੇ ਬਿੱਲੀ, ਸ਼ਹਿਰ ਇੱਕ ਦਿੱਲੀ, ਰੰਡੀ ਦੀ ਚੇਲੀ, ਚਾਰੇ ਨਾ ਬੇਲੀ ਨਹੀਂ ਪਹੇਲੀ

ਨਾਗ ਤੇ ਚੋਰ, ਸ਼ਾਹ ਸ਼ੂਦਖੋਰ, ਆਸ਼ਕ ਭੌਰ, ਛੜਾ ਦਿਓਰ ਰੱਖਣ ਅੱਖ ਮੈਲ਼ੀ

ਨਿਮਾਣਾ ਸ਼ਾਇਰ, ਮੋਰ ਦਾ ਪੈਰ, ਫੋਕਾ ਫਾਇਰ, ਮੰਗਦਾ ਖੈਰ ਬਖ਼ਸ਼ਦੇ ਅਕਲਾਂ

ਹੁਸਨ ਸੀ ਕਹਿਰ, ਖੁਦਾ ਨਾਲ਼ ਵੈਰ, ਨਾ ਸਕੀਆਂ ਤੈਰ,ਇਸ਼ਕ ਦੀ ਨ੍ਹੈਰ ਸੋਹਣੀਆਂ ਸ਼ਕਲਾਂ।

📝 ਸੋਧ ਲਈ ਭੇਜੋ