ਜਰਾ ਸੁਣੀਂ ਵੇ ਤੂੰ ਜੋਗੀ

ਜਰਾ ਸੁਣੀਂ ਵੇ ਤੂੰ ਜੋਗੀ 

ਹੋਇਆ ਕਿਉਂ ਤੂੰ ਵਿਜੋਗੀ 

ਮੋਹ ਬਾਝੋਂ ਇਹ ਫਕੀਰੀ 

ਤੈਥੋਂ ਜਾਣੀ ਨਹੀਂਉ ਭੋਗੀ

ਦਰ ਖੇੜਿਆਂ ਦੇ ਜਾਣਾ 

ਨਾਥ ਤੇਰਾ ਹੈ ਅੰਝਾਣਾ 

ਦੱਸ ਸਕੇ ਨਾ ਟਿਕਾਣਾ

ਜਿਹਨੂੰ ਲੱਭਦਾ ਤੇਰਾ ਮਨ ਲੋਭੀ

ਪਾ ਕੇ ਭਗਵੇਂ ਇਹ ਬਾਣੇ 

ਖਾਕ ਜੰਗਲਾਂ ਦੀ ਛਾਣੇ 

ਦੁੱਖ ਰੁੱਖਾਂ ਦਾ ਨਾ ਜਾਣੇ

ਮੰਗੇਂ ਮੁਕਤੀ ਤੂੰ ਦੱਸ ਕੀਹਦੇ ਜੋਗੀ

ਪੈਰੀਂ ਪਾ ਕੇ ਖੜਾਵਾਂ 

ਲੱਭੇ ਰੁੱਖਾਂ ਬਿਣਾਂ ਛਾਵਾਂ

ਭਾਵੇਂ ਪੁੱਤ ਬਿਣਾਂ ਮਾਵਾਂ

ਖਿੰਡੀ ਬਿਰਤੀ ਤੇ ਸੁੱਤੀ ਹੋਈ ਸੋਝੀ

ਤਨ ਸੁੰਦਰਾਂ ਦੇ ਵਾਂਗ

ਮਨ ਲੂਣ ਵਾਲੀ ਤਾਂਘ 

ਦੋਵੇਂ ਜੋਗ ਵਾਲੀ ਬਾਂਗ 

ਅੱਖ ਅੱਥਰੂ ਨੇ ਦੱਸ ਕਦੇ ਭੋਗੀ

ਐਵੇਂ ਧੂਣੀਆਂ ਧੁਖਾਵੇਂ 

ਮਾਲਾ ਸ਼ਬਦਾਂ ਦੀ ਪਾਵੇਂ

ਧੋਖਾ ਆਪਣੇ ਤੋਂ ਖਾਵੇਂ 

ਅੱਗ ਅਰਥਾਂ ਦੀ ਹੁੰਦੀ ਜੀਣ ਜੋਗੀ

ਗੱਲ ਸੁਣ ਲੈ ਤੂੰ ਸੱਚੀ

ਨਹੀਉਂ ਝੂਠ ਇੱਕ ਰੱਤੀ

ਨਹੀਉਂ ਹੀਰ ਬਿਨਾਂ ਗਤੀ

ਮੋਹ ਮਿੱਤਰਾ ਦਾ ਮੇਲਾ ਸੰਜੋਗੀ

📝 ਸੋਧ ਲਈ ਭੇਜੋ