ਜੱਟ ਤੇ ਟਿੰਡ

ਲੱਗਿਆ ਕੱਟ ਤੇ ਉੱਠਿਆ ਜੱਟ, ਸੀਨੇ ਵਿੱਚ ਲੱਟ, ਅੱਤ ਦਾ ਵੱਟ, ਘੜੇ ਨਾ ਪਾਣੀ

ਮੋਢੇ ਦਾ ਪਰਨਾ, ਕਹੇ ਕੀ ਡਰਨਾ,ਲਾ ਲੈ ਧਰਨਾ ਇੱਕ ਦਿਨ ਮਰਨਾ ਚੁੱਕ ਪਰਾਣੀ

ਲੰਘਿਆ ਚੇਤ, ਪਈ ਸੀ ਮੇਖ, ਪੁੱਤ ਦੇ ਲੇਖ, ਟਰਾਲੀ ਵੇਚ ਲੈ ਲਿਆ ਜਾਮਾ

ਕਿੱਲੇ ਸੀ ਚਾਰ, ਧੀ ਮੁਟਿਆਰ, ਤੀਮੀ ਬਦਕਾਰ,ਰੰਨਾ ਦਾ ਯਾਰ ਰੱਖ ਲਿਆ ਕਾਮਾ

ਖਸਮ ਨਾਲ ਖਾਰ, ਬਥੇਰੇ ਯਾਰ, ਕਰੇ ਸ਼ਿੰਗਾਰ, ਕੰਮ ਨਾ ਕਾਰ ਬੜੇ ਨੇ ਔਖੇ

ਪੁੱਤ ਜੁਆਰੀ, ਖੇਤ ਪਟਵਾਰੀ, ਚੁੱਪ ਫਿਰੇ ਧਾਰੀ, ਮਾਂ ਵਿਚਾਰੀ ਰਹਿਣ ਨਾ ਸੌਖੇ

ਅਕਲ ਦੀ ਦੂਣੀ, ਸ਼ਕਲ ਦੀ ਚੌਣੀ, ਬਾਲ਼ਦੀ ਧੂਣੀ ਚੜ੍ਹ ਚੁਬਾਰੇ ਸੈਨਤਾਂ ਮਾਰੇ

ਸਾਹਮਣੇ ਸੱਥ, ਲੜਾਵੇ ਅੱਖ, ਗਵਾ ਕੇ ਮੱਤ, ਗੁੱਤ ਦਾ ਸੱਪ ਦੰਦੀਆਂ ਮਾਰੇ

ਘੱਟ ਹੋਏ ਦਾਜ, ਸੱਸ ਦੇ ਪਾਜ਼, ਨਾ ਕਰੇ ਲਿਹਾਜ਼, ਕਿੱਥੋ ਦੇਵੇ ਨੂੰਹ ਰਾਣੀ ਪੂੜੇ?

ਇਸ਼ਕ ਦੀ ਜਾਗ, ਕੰਡਾ ਵੀ ਨਾਗ, ਲੱਗੇ ਹੋਏ ਦਾਗ ਸਦਾ ਹੀ ਰਹਿੰਦੇ ਗੂੜ੍ਹੇ

ਐਬੀ ਦੀ ਯਾਰੀ, ਬੜੀ ਖੁਆਰੀ, ਭੋਗ ਕੇ ਨਾਰੀ, ਲੈ ਗਿਆ ਲਾਹ ਕੇ ਝਾਂਜਰਾਂ ਭਾਰੀ

ਬਿਗਾਨੀ ਨਾਰੀ, ਸਿਰੇ ਦੀ ਯਾਰੀ, ਜੁੱਤੀ ਹਿਸਾਰੀ, ਲਵਾ ਕੇ ਸਾੜ੍ਹੀ ਵਢਾਉਂਦਾ ਹਾੜ੍ਹੀ

ਸ਼ਾਹ ਦੀ ਹਿੰਡ, ਚੋਰ ਦਾ ਬਿੰਦ, ਜੱਟ ਤੇ ਟਿੰਡ, ਚਾਰਾਂ ਦਾ ਕੋਈ ਭਰੋਸਾ ਨਈਂ

ਰਫ਼ਲ ਦੁਨਾਲੀ,ਨਜ਼ਰ ਟਿਕਾ ਲਈ, ਨਾ ਕਰਨੀ ਕਾਹਲ਼ੀ, ਜਾਂਦਾ ਫ਼ਾਇਰ ਫੋਕਾ ਨਈਂ

ਬੁੜ੍ਹੇ ਨੂੰ ਠੰਡ, ਨਾਗ ਨੂੰ ਚੰਡ, ਬੇਰੀ ਨੂੰ ਖੰਡ, ਭਾਈ ਨੂੰ ਵੰਡ ਨੇ ਬੁਰੀਆਂ ਚਾਰੇ

ਧੀ ਘਰੋਂ ਭੱਜੇ, ਸੀਨੇ ਗੋਲ਼ੀ ਵੱਜੇ, ਪਰਦੇ ਕੱਜੇ, ਖਸਮ ਤੋ ਨਾਰ ਨਾ ਜਾਣ ਸਹਾਰੇ

ਲੁਟਦੇ ਮੰਗਾਂ, ਤੋੜਦੇ ਵੰਗਾਂ, ਲਾਹ ਕੇ ਸੰਗਾਂ ਸਤਗੁਰ ਸਿੰਘਾ ਸਮਾਂ ਨਾ ਚੰਗਾ

ਰੋਂਦੀ ਮਾਂ, ਨਿਕਲਦੀ ਆਹ, ਸੁੱਕਦੇ ਸਾਹ, ਰੋਕਦਾ ਰਾਹ ਸੂਰਮਾ ਬੰਦਾ।

📝 ਸੋਧ ਲਈ ਭੇਜੋ