ਜਦੋਂ ਮਹਿਫ਼ਿਲ ’ਚ ਜ਼ੁਲਫ਼ਾਂ

ਜਦੋਂ ਮਹਿਫ਼ਿਲ ’ਚ ਜ਼ੁਲਫ਼ਾਂ ਤੇਰੀਆਂ ਦੀ ਬਾਤ ਪੈ ਜਾਏ

ਵਿਚਾਰਾ ਕੀ ਕਰੇ ਸੂਰਜ ਦਿਨੇ ਹੀ ਰਾਤ ਪੈ ਜਾਏ

ਕਹਾਣੀ ਜ਼ੁਲਫ਼ ਤੇਰੀ ਦੀ ਬੀਤਣ ਰਾਤ ਨੂੰ ਦੇਵੇ

ਤੇਰੇ ਚਿਹਰੇ ਦੀ ਚਰਚਾ ਨਾਲ ਹੀ ਪ੍ਰਭਾਤ ਪੈ ਜਾਏ

ਮੇਰੇ ਪੋਟੇ ਤੇ ਜ਼ੁਲਫ਼ਾਂ ਤੇਰੀਆਂ ਦੀ ਹੈ ਰਜ਼ਾਮੰਦੀ

ਖ਼ੁਦਾ ਨਾ ਖ਼ਾਸਤਾ ਕੈਦੋਂ ਦੀ ਕਿਧਰੇ ਝਾਤ ਪੈ ਜਾਏ

ਕਿਸੇ ਹੀਲੇ—ਵਸੀਲੇ ਵੀ ਤੇਰੀ ਜ਼ੁਲਫ਼ ਸਰ ਹੋਵੇ

ਅਸਾਡੇ ਲੇਖ ਨੇ ਮਾੜੇ ਸਦਾ ਹੀ ਮਾਤ ਪੈ ਜਾਏ

‘ਅਮਰ’ ਉਹ ਖੋਲ੍ਹ ਕੇ ਜ਼ੁਲਫ਼ਾਂ ਨੂੰ ਫਿਰ ਕੋਠੇ ’ਤੇ ਆਏ ਨੇ

ਕਿਤੇ ਸਾਡੇ ਘਰਾਂ ਕੱਚਿਆਂ ’ਤੇ ਨਾ ਬਰਸਾਤ ਪੈ ਜਾਏ

📝 ਸੋਧ ਲਈ ਭੇਜੋ