ਜਦੋਂ ਸੂਰਜ ਸੁਨਹਿਰੀ ਜਾਲ

ਜਦੋਂ ਸੂਰਜ ਸੁਨਹਿਰੀ ਜਾਲ ਧਰਤੀ 'ਤੇ ਵਿਛਾਉਂਦਾ ਹੈ

ਉਦੋਂ ਨ੍ਹੇਰਾ ਮਚਾਵਣ ਲਈ ਘਰੋਂ ਉਹ ਨਿਕਲ ਆਉਂਦਾ ਹੈ

ਬਿਰਖ ਖਿੜਿਆ ਬਹਾਰਾਂ ਵਿਚ ਨਹੀਂ ਉਸਨੂੰ ਕਦੇ ਭਾਉਂਦਾ

ਜਦੋਂ ਤਕ ਸੁੱਕ ਜਾਵੇ ਜੜ੍ਹਾਂ ਵਿਚ ਤੇਲ ਪਾਉਂਦਾ ਹੈ

ਲਿਆਕਤ ਤੋਂ ਵਧੇਰੇ ਮਨ 'ਚ ਉਹ ਹਓਮੈਂ ਵਸਾ ਬੈਠਾ

ਪਹਾੜੀ ਤੋਂ ਜਗਤ ਕੀੜਾ-ਮਕੌੜਾ ਨਜ਼ਰ ਆਉਂਦਾ ਹੈ

ਕਦੇ ਜੇ ਵੱਸ ਚਲੇ ਅਸਮਾਨ ਨੂੰ ਉਹ ਲਾ ਦਵੇ ਟਾਕੀ

ਧਰਤ ਦੇ ਹੇਠ ਬੌਲਦ ਨੂੰ ਸਦਾ ਘੂਰੀ ਦਿਖਾਉਂਦਾ ਹੈ

ਕਦੇ ਤੇਰਾ ਕਦੇ ਮੇਰਾ ਬਦਲਦਾ ਰੰਗ ਗਿਰਗਿਟ ਬਣ

ਵਚਨ 'ਤੇ ਉਮਰ ਭਰ ਰਹਿਣਾ ਨਹੀਂ ਉਸਨੂੰ ਸਿਖਾਉਂਦਾ ਹੈ

ਬਸ਼ਰ ਦਿਸਦਾ ਨਹੀਂ ਬਚਿਆ ਉਦ੍ਹੇ ਜੋ ਡੰਗ ਤੋਂ ਹੋਵੇ

ਜ਼ਹਿਰ ਸੱਪ ਤੋਂ ਵਧੇਰੇ ਉਹ ਨਸਾਂ ਦੇ ਵਿਚ ਫਲਾਉਂਦਾ ਹੈ

ਰਹਿਮ ਦਾ ਹਰਫ਼ ਕੋਈ ਵੀ ਉਦ੍ਹੇ ਨਾ ਕੋਸ਼ ਵਿਚ ਸ਼ਾਮਿਲ

ਸ਼ਿਕਾਰੀ ਜਾਲ ਅੰਦਰ ਨਿਤ ਨਵਾਂ ਮੁਰਗਾ ਫਸਾਉਂਦਾ ਹੈ

ਖ਼ੁਦਾ ਉਸਨੂੰ ਸਿਖਾ ਦੇ ਜੀਣ ਦਾ ਕੋਈ ਭਲਾ ਨੁਸਖਾ

ਸਫ਼ਰ ਅਨਮੋਲ ਜੀਵਨ ਦਾ ਇਹ ਇਕੋ ਵਾਰ ਆਉਂਦਾ ਹੈ

ਖ਼ੁਦਾ ਨੇ ਘਰ 'ਚ ਬਖ਼ਸ਼ੀ ਹੈ ਜਗਤ ਦੀ ਹਰ ਖ਼ੁਸ਼ੀ ਉਸਨੂੰ

ਪਰਾਏ ਘਰ 'ਚ ਤਕ ਕੇ ਪਰ ਬੜਾ ਹੀ ਤੜਫੜਾਉਂਦਾ ਹੈ

ਕਦੇ ਮੈਂ ਸੋਚਦਾ ਹਾਂ ਕਰੜ-ਬਰੜਾ ਬਦਲ ਜਾਵੇਗਾ

ਉਸੇ ਪਲ ਬੋਲ ਵਾਰਿਸ ਦਾ ਸਦੀਵੀ ਯਾਦ ਆਉਂਦਾ ਹੈ

📝 ਸੋਧ ਲਈ ਭੇਜੋ