ਜਦੋਂ ਵੀ ਆਪਣੇ ਗ਼ਮ ਨਾਲ

ਜਦੋਂ ਵੀ ਆਪਣੇ ਗ਼ਮ ਨਾਲ ਮੈਂ ਸੰਵਾਦ ਕਰਦਾ ਹਾਂ

ਕਿਸੇ ਦੀ ਬੇਵਫ਼ਾਈ ਨੂੰ ਬੜਾ ਮੈਂ ਯਾਦ ਕਰਦਾ ਹਾਂ

ਰਿਹਾ ਉਸਦਾ ਮੇਰੇ ਨਾਲ ਕੋਈ ਵਾਸਤਾ ਫਿਰ ਵੀ

ਮੈਂ ਉਸਦੀ ਹਰ ਅਦਾ ਦਾ ਰੋਜ਼ ਹੀ ਅਨੁਵਾਦ ਕਰਦਾ ਹਾਂ

‘ਖ਼ੁਦਾ’ ਕੀ ਆਖਿਆ ਉਸਨੂੰ ਖ਼ੁਦਾ ਸੱਚੀ ਉਹ ਬਣ ਬੈਠਾ

ਮਿਲਣ ਦੇ ਵਾਸਤੇ ਵੀ ਹੁਣ ਸਗੋਂ ਫ਼ਰਿਆਦ ਕਰਦਾ ਹਾਂ

ਪਰਾਂ ’ਤੇ ਲਾ ਨਿਸ਼ਾਨੀ ਆਖਿਆ ਇਕ ਦਿਨ ਸ਼ਿਕਾਰੀ ਨੇ

‘ਕਿ ਜਾਹ ਮੈਂ ਬਖ਼ਸ਼ਿਆ ਤੈਨੂੰ ਤੇ ਹੁਣ ਆਜ਼ਾਦ ਕਰਦਾ ਹਾਂ’

ਸਜ਼ਾ ਦਾ ਰੰਜ ਨਾ ਹੋਵੇ ਮਿਲੇ ਜੋ ਰਾਹਨੁਮਾਵਾਂ ਤੋਂ

ਖ਼ੁਸ਼ੀ ਹੋਵੇ ਸਗੋਂ ਕਿ ਰਾਹ ਨਵੇਂ ਈਜਾਦ ਕਰਦਾ ਹਾਂ

ਕਿਸੇ ਇਨਸਾਫ਼ ਦੀ ਮੈਂ ਕੁਰਸੀਆਂ ਤੋਂ ਆਸ ਕੀ ਰੱਖਾਂ

ਮੇਰੇ ਸਿਰ ਦੋਸ਼ ਹੈ ਮੈਂ ਬਿਰਖ ਦੀ ਇਮਦਾਦ ਕਰਦਾ ਹਾਂ

ਤੁਸੀਂ ਨਾ ਮਾਰਦੇ ਤਾਂ ਦੁਸ਼ਮਣਾਂ ਨੇ ਮਾਰ ਦੇਣਾ ਸੀ

ਤੁਹਾਡੀ ਦੋਸਤੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ

📝 ਸੋਧ ਲਈ ਭੇਜੋ