ਜਦੋਂ ਆ ਕੇ ਬਨੇਰੇ 'ਤੇ

ਜਦੋਂ ਕੇ ਬਨੇਰੇ 'ਤੇ ਪਹਾੜੀ ਕਾਗ ਬਹਿੰਦਾ ਹੈ।

ਉਦੋਂ ਬਿਰਹਣ ਦੀਆਂ ਅੱਖੀਆਂ 'ਚੋਂ ਪਾਣੀ ਆਣ ਵਹਿੰਦਾ ਹੈ।

ਤੇਰਾ ਘਰ ਔਣ ਦਾ ਇਕ ਖ਼ਾਬ ਸਜਦਾ ਹੈ ਸੁਬ੍ਹਾ ਵੇਲੇ,

ਢਲੇ ਪਰਛਾਵਿਆਂ ਵੇਲੇ ਖ਼ਿਆਲੂ ਮਹਿਲ ਢਹਿੰਦਾ ਹੈ।

ਉਮਰ ਭਰ ਹੀ ਜ਼ਮਾਨੇ ਨੇ ਮੈਨੂੰ ਬੜਾ ਸਤਾ ਰੱਖਿਆ,

ਹਕੀਕਤ ਜ਼ਿੰਦਗੀ ਦੀ ਹੈ ਕਵੀ ਦਾ ਬੋਲ ਕਹਿੰਦਾ ਹੈ।

ਕਦੇ ਰੁਕਦੇ ਨਹੀਂ ਜੁਗਨੂੰ ਹਮੇਸ਼ਾ ਜਾਣ ਇਹ ਉਡਦੇ,

ਹਨੇਰੇ ਚੀਰ ਜਾਵਣ ਦਾ ਇਨ੍ਹਾਂ ਨੂੰ ਖ਼ਬਤ ਰਹਿੰਦਾ ਹੈ।

ਮੇਰੇ ਮੱਥੇ 'ਚ ਤੇਰੀ ਯਾਦ ਦਾ ਸੂਰਜ ਉਦੈ ਹੋਵੇ,

ਤਕਾਲੀਂ ਜਿਸ ਸਮੇਂ ਸੂਰਜ ਪੱਛੋਂ ਵਿਚ ਆਣ ਲਹਿੰਦਾ ਹੈ।

ਕਹਾਂ ਕੀਕਣ ਕਿ ਤੂੰ ਮਸਤਕ 'ਚ ਦੀਵੇ ਬਾਲ ਵਿੱਦਿਆ ਦੇ,

ਮੁਬਾਇਲ ਹੁਣ ਮੁਹੱਬਤ ਦਾ ਹਮੇਸ਼ਾ ਔਨ ਰਹਿੰਦਾ ਹੈ।

📝 ਸੋਧ ਲਈ ਭੇਜੋ