ਜੇ ਧੀਆਂ ਨੂੰ ਕੁੱਖ ਵਿਚ ਮਾਰ ਮੁਕਾਓਗੇ।
ਸੋਹਣਾ ਜਿਹਾ ਸੰਸਾਰ ਇਹ ਕਿਵੇਂ ਵਸਾਓਗੇ?
ਧੀ ਹੋਵੇ ਤਾਂ ਘਰ ਵਿਚ ਲਛਮੀ ਆਉਂਦੀ ਹੈ।
ਸਭ ਜੀਆਂ ਨੂੰ ਜੀਣ ਆਚਾਰ ਸਿਖਾਉਂਦੀ ਹੈ।
ਧੀ ਬਿਨ ਸੱਭਤਾ ਤੋਂ ਸੱਖਣੇ ਹੋ ਜਾਓਗੇ----
ਸਦੀਆਂ ਤੋਂ ਧੀਆਂ ਨੂੰ ਮਾਰ ਮੁਕਾਉਂਦੇ ਰਹੇ।
ਸਿਰ ਸ਼ਮਲੇ ਦੀ ਝੂਠੀ ਧੌਂਸ ਜਮਾਉਂਦੇ ਰਹੇ।
ਧੀਆਂ ਬਿਨ ਦੁੱਖੜੇ ਕਿਸ ਕੋਲ ਵੰਡਾਓਗੇ?
ਤੁਸੀਂ ਪੰਜਾਬ ਦੇ ਜਾਏ ਆਲਮ ਫ਼ਾਜ਼ਲ ਹੋ।
ਆਲਮ ਫ਼ਾਜ਼ਲ ਹੀ ਧੀਆਂ ਦੇ ਕਾਤਲ ਹੋ।
ਥੋੜ੍ਹ-ਦਿਲੇ ਮਨ ਤੋਂ ਕੱਦ ਰਾਹਤ ਪਾਓਗੇ?
ਨੰਨੀਆਂ ਛਾਵਾਂ ਦੀ ਜੇ ਖ਼ੈਰ ਮਨਾਉਂਦੇ ਹੋ।
ਥੋਥੀਆਂ ਰੀਤਾਂ ਲਈ ਕਿਓਂ ਸੀਸ ਝੁਕਾਉਂਦੇ ਹੋ?
ਧੀ ਆਵੇਗੀ ਜਦ ਇਹ ਜਾਲ ਉਠਾਓਗੇ---
ਅੱਜ ਪੰਜਾਬੀਓ! ਤੁਸੀਂ ਨਵੀਨ ਸਦਾਉਂਦੇ ਹੋ।
ਆਦਮ ਵੇਲੇ ਦੀ ਪਰ ਰੀਤ ਨਿਭਾਉਂਦੇ ਹੋ।
ਜ਼ਿਹਨੀ ਗ਼ੁਰਬਤ ਤੋਂ ਕੱਦ ਮੁਕਤੀ ਪਾਉਗੇ?