ਜਿਹੜਾ ਛੱਡਿਆ ਗਿਰਾਂ

ਜਿਹੜਾ ਛੱਡਿਆ ਗਿਰਾਂ, ਉਹਦਾ ਲੈਣਾ ਕੀ ਨਾਂ।

ਚਲ ਸੋਹਣਿਆਂ! ਤੂੰ ਜਾ, ਹੁਣ ਨਵੀਂ ਕਿਸੇ ਥਾਂ।

ਦਿਲ ਤੋੜ ਕੇ ਨਾ ਬਹਿ, ਨਵੇਂ ਖ਼ਾਬਾਂ ਵਿਚ ਵਹਿ,

ਬੀਤੇ ਕਿੱਸਿਆਂ 'ਚੋਂ ਹੋਣੀਆਂ ਤੂੰ ਨਵੀਆਂ ਬਣਾ।

ਨੀਰ ਨਦੀਆਂ ਦੇ ਵਹਿਣ, ਸਦਾ ਚਲਦੇ ਹੀ ਰਹਿਣ,

ਢੇਰੀ ਢਾਹ ਕੇ ਨਾ ਬੈਠੇ, ਕਦੇ ਬੱਦਲਾਂ ਦੀ ਛਾਂ।

ਕੱਚੇ-ਪਿੱਲੇ ਨੇ ਮਕਾਨ, ਥੱਕੀ-ਟੁੱਟੀ ਰਕਾਨ,

ਸ਼ਾਲਾ! ਬਦਲੇ ਨਿਜ਼ਾਮ, ਮੌਲ ਪੈਣ ਇਹ ਗਿਰਾਂ!

ਖੜੇ ਉੱਚੇ ਨੇ ਚਨਾਰ, ਲੈਣ ਬੱਦਲ ਉਤਾਰ,

ਕਰਨ ਪੀਲਿਆਂ-ਪਲੱਤਿਆਂ ਨੂੰ ਜੀਣ-ਜੋਗਿਆਂ।

ਗੱਲ ਕਹਿੰਦੇ ਨੇ ਸਿਆਣੇ, ਜਦੋਂ ਮੁੱਕ ਜਾਣ ਦਾਣੇ,

ਪੁੱਤ ਤੋਰੇ ਪਰਦੇਸ, ਉਦੋਂ ਦੁੱਖੀ ਹੋ ਕੇ ਮਾਂ।

ਜਿਹਨਾਂ ਘਰਾਂ ਵਿਚ ਆਮ, ਨਿੱਤ ਛਲਕਦੇ ਸੀ ਜਾਮ,

ਓਥੇ ਸਿਵਿਆਂ ਦੇ ਵਾਂਗ, ਹੁਣ ਛਾਈ ਚੁੱਪ-ਚਾਂ।

📝 ਸੋਧ ਲਈ ਭੇਜੋ