ਝੱਝਾ ਆਖਦਾ ਝੂਠ ਦੇ ਗਾਹਕ ਸਾਰੇ, ਕੋਈ ਸੱਚ ਦਾ ਖ਼ਰੀਦਾਰ ਨਾਹੀਂ।

ਬਿਨ੍ਹਾਂ ਸਾਧਨਾ ਫਿਰਨ ਅਨੇਕ ਸਾਧੂ, ਕੋਈ ਜਾਂਵਦਾ ਜਨਮ ਸੁਧਾਰ ਨਾਹੀਂ। 

ਰਾਗ ਤਾਨ ਮੇਂ ਬਹੁਤ ਕਮਾਲ ਦੇਖੇ, ਵੱਜੇ ਦਿਲਾਂ ਮੇਂ ਇਸ਼ਕ ਦੀ ਤਾਰ ਨਾਹੀਂ। 

ਸੰਤ, ਮਹੰਤ ਤੇ ਪੰਡਿਤ ਨੇ ਬਹੁਤ ਦੇਖੇ, ਵੇਦ ਵਾਚਦੇ ਅਸਲ ਵਿਚਾਰ ਨਾਹੀਂ। 

ਸੱਭੋ ਪੇਟ ਦੇ ਕਾਰਨੇ ਪਿੱਟਦੀ ਏ, ਹੁੰਦੀ ਅਸਲ ਮੇਂ ਧਰਮ ਦੀ ਕਾਰ ਨਾਹੀਂ। 

ਜੀਉਂਦੇ ਆਖਦੇ ਬਹੁਤ ਮਰ ਜਾਣ ਚੰਗਾ, ਕੋਈ ਮਰਨ ਦੇ ਵਾਸਤੇ ਤਿਆਰ ਨਹੀਂ। 

ਸਾਰੇ ਆਖਦੇ ਪੁੱਤ ਹਾਂ ਜੌਹਰੀਆਂ ਦੇ, ਕੋਈ ਪਰਖਦਾ ਲਾਲ ਜਵਾਹਰ ਨਾਹੀਂ। 

ਲੋਕ ਰੋਗਾਂ ਨੇ ਬਹੁਤ ਲਚਾਰ ਕੀਤੇ, ਕੋਈ ਇਸ਼ਕ ਦੇ ਨਾਲ ਬੀਮਾਰ ਨਾਹੀਂ। 

ਸਾਰੇ ਚਾਂਹਵਦੇ ਬਾਜ਼ੀਆਂ ਜਿੱਤਨੇ ਨੂੰ, ਕੋਈ ਖੇਡਦਾ ਮੰਨ ਕੇ ਹਾਰ ਨਾਹੀਂ। 

ਹਿਰਸ ਜਗਤ ਦੀ ਵਿੱਚ ਗ੍ਰਿਫ਼ਤਾਰ ਹੋਏ, ਸੱਚੇ ਰੱਬ ਦੇ ਨਾਲ ਪਿਆਰ ਨਾਹੀਂ

ਜੀਹਨੂੰ ਅੱਖੀਏਂ ਦੇਖਣਾ ਚਾਹੁੰਦੇ ਨੇ, ਹੋਇਆ ਸੁਪਨੇ ਦੇ ਵਿੱਚ ਦੀਦਾਰ ਨਾਹੀਂ। 

ਮਨ ਪਿਆ ਦੁੜਾਂਵਦਾ ਸਾਰਿਆਂ ਨੂੰ, ਕੋਈ ਏਸ ਤੇ ਠੀਕ ਅਸਵਾਰ ਨਾਹੀਂ। 

ਜਿਹੜੇ ਚਿੱਤ ਨੂੰ ਸਾਣ ਮੇਂ ਚਾੜ ਛੱਡੇ, ਮਾਤ-ਲੋਕ ਦੇ ਬੀਚ ਲੁਹਾਰ ਨਾਹੀਂ

ਪਾਲੇ ਪ੍ਰੀਤ ਚਕੋਰ ਤੇ ਚੰਦ ਵਾਲੀ, ਕੋਈ ਜਾਪਦਾ ਜਗਤ ਮਝਾਰ ਨਾਹੀਂ। 

ਲੋਕਾਂ ਵਾਸਤੇ ਬਹੁਤ ਹਦੈਤ ਕਰਦਾ, ਆਪ ਤਿਆਗਦਾ ਵਿਸ਼ੇ-ਵਿਕਾਰ ਨਾਹੀਂ। 

ਦਯਾ ਸਿੰਘ ਹੈ ਝੂਠ ਦੇ ਸ਼ਹਿਰ ਬੱਧੇ, ਕੋਈ ਧਰਮ ਦਾ ਦਿਸੇ ਬਜ਼ਾਰ ਨਾਹੀਂ।

📝 ਸੋਧ ਲਈ ਭੇਜੋ