ਰੋਜ਼ ਦਿਹਾੜੀ ਵੇਖਦੇ ਹਾਂ
ਅੰਬਰ 'ਚ ਗਿਰਝਾਂ ਭੌਂਦੀਆਂ
ਜਿਨ੍ਹਾਂ ਦੇ ਬੋਟ ਖੋਹ ਕੇ ਲੈ ਜਾਣ
ਖ਼ਬਰੇ ਕਿੰਜ ਮਾਵਾਂ ਸੌਂਦੀਆਂ
ਵੀਰੇ ਦੀ ਉਡੀਕ ਵਿੱਚ ਭੈਣ
ਰੋਜ਼ ਸੱਖਣੇ ਬਨੇਰੇ ਵੇਖ-ਵੇਖ
ਅੱਕ ਗਈ ਹੈ
ਥੱਕ ਗਈ ਹੈ
ਬਾਬਲ ਦੀ ਸਹੇੜ
ਰੋਜ਼ ਮਿਹਣੇ ਮਾਰਦਾ
ਤੀਆਂ ਨੂੰ ਨਾ ਲੈਣ ਆਇਆ
ਬਹੁਤਿਆਂ ਭਰਾਵਾਂ ਵਾਲੀਏ
ਮਾਂ ਰੋਜ਼ ਆਖਦੀ
ਮੇਰੀ ਆਂਦਰਾਂ ਦੀ ਸਾਰ
ਤਾਂ ਲਿਆਵੋ ਪੁੱਤਰ !
ਚਿੱਤ ਨਾ ਟਿਕਾਣੇ ਆਵੇ ਮੇਰਾ
ਜਾਣੇ ਕੀ ਮਾਂ ਵਿਚਾਰੀ
ਉਜਾੜ ਪਿੰਡਾਂ ਦੇ ਰਾਹਾਂ ਵਿੱਚ
ਅਨੇਕਾਂ ਦਰਿਆ ਵਗਦੇ
ਬਿਨ ਪੁਲਾਂ ਦੇ
ਗੋਲ-ਗੋਲ ਪਹੀਆਂ ਵਾਲਾ ਰੱਥ
ਰਿੜਦਾ ਕੇਵਲ ਪੱਕੀਆਂ ਲੀਹਾਂ ਤੇ
ਉਹ ਕੀ ਜਾਨਣ
ਰੱਥ ਜ਼ਿੰਦਗੀ ਦਾ ਫਸਿਆ ਹੈ
ਕਿਸ ਦਲ-ਦਲ ਵਿੱਚ
ਮਨੁੱਖ ਜਿੱਥੇ ਅਸਮਰਥ ਹੈ
ਹਥਿਆਰਾਂ ਦੇ ਸਾਹਮਣੇ