ਜ਼ਿੰਦਗੀ ਜੇ ਸੋਚੀਏ, ਸੰਤਾਪ ਹੈ
ਇਸ ਤਰ੍ਹਾਂ ਪਰ ਸੋਚਣਾ ਤਾਂ ਪਾਪ ਹੈ
ਅੱਗ ਤਾਂ ਇਸ਼ਨਾਨ ਕਰ ਕੇ ਤੁਰ ਗਈ
ਇਕ ਨਦੀ ਨੂੰ ਪਰ ਅਜੇ ਵੀ ਤਾਪ ਹੈ
ਜੋ ਸਫ਼ਾ ਇਕ ਹਰਫ਼ ਤੋਂ ਡਰਦਾ ਰਿਹਾ
ਬਣ ਗਿਆ ਪੂਰੀ ਕਥਾ ਹੁਣ ਆਪ ਹੈ
ਜਿਸ ਲਈ ਹੈ ਸ਼ੋਰ ਪਾਇਆ ਭੀੜ ਨੇ
ਉਹ ਖੜ੍ਹਾ ਹੈ ਦੂਰ ਤੇ ਚੁੱਪ—ਚਾਪ ਹੈ
ਉਹ ਮਜਾਜ਼ੀ ਇਸ਼ਕ ਵਿਚ ਰਾਜ਼ੀ ਰਹੇ
ਮੈਂ ਖ਼ੁਦਾ ਖ਼ੁਦ ਦਾ ਲਿਆ ਜੋ ਥਾਪ ਹੈ