ਜ਼ਿੰਦਗੀ ਤੇ ਮੈਂ ਖਲੋਤੇ ਹਾਂ ਜਦੋਂ ਦੇ ਰੂ—ਬ—ਰੂ
ਹਾਦਸੇ ਦਰ ਹਾਦਸੇ ਤੋਂ ਮੈਂ ਨ ਹੋਇਆ ਸੁਰਖ਼ਰੂ
ਛਾਲ ਮਾਰੀ ਸੀ ਨਦੀ ਵਿਚ ਮੈਂ ਤਾਂ ਡੁੱਬਣ ਵਾਸਤੇ
ਕੀ ਪਤਾ ਸੀ ਉਹ ਕਿਨਾਰੇ ਮੁੜ ਲਿਆ ਮੈਨੂੰ ਧਰੂ
ਮੱਸਿਆ ਦੀ ਰਾਤ ’ਚੋਂ ਟੋਟਾ ਜਿਹਾ ਤੂੰ ਸਾਂਭ ਲੈ
ਕੰਮ ਆਵੇਗਾ ਬੜਾ ਜਦ ਰੌਸ਼ਨੀ ਤੋਂ ਦਿਲ ਭਰੂ
ਇਸ਼ਕ ਸਾਡੇ ਦੀ ਕਹਾਣੀ ਤਾਂ ਬੜੀ ਸੰਖੇਪ ਹੈ
ਝਿਜਕਦਾ ਮੈਂ ਵੀ ਰਿਹਾ ਤੇ ਉਹ ਸੁਭਾਅ ਦਾ ਸੀ ਡਰੂ
ਜ਼ਹਿਰ ਦੇ ਕੇ ਉਹ ਜੁਗੋ—ਜੁਗ ਜੀਣ ਦੀ ਦੇਵੇ ਦੁਆ
ਇਸ ਤਰ੍ਹਾਂ ਜੀਣਾ ‘ਅਮਰ’ ਕਿੰਨਾ ਕੁ ਚਿਰ ਕੋਈ ਜਰੂ