ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਹੋਵੇ ਹਰ ਹਰਫ਼ ਚਿਰਾਗ ਜਿਹਾ ਗੀਤਾਂ ਦੇ ਦੀਵੇ ਬਾਲ ਰਿਹਾਂ
ਮੈਂ ਵਕਤ ਵਿਛੋੜਾ ਹਾਸ਼ਮ ਦਾ ਉਦਰੇਵਾਂ ਤਖਤ ਹਜ਼ਾਰੇ ਦਾ
ਸ਼ਿਕਵਾ ਹਾਂ ਸ਼ਾਹ ਮੁਹੰਮਦ ਦਾ ਬੇਦਾਵਾ ਮਿੱਤਰ ਪਿਆਰੇ ਦਾ
ਹਾਂ ਵਾਰਿਸ ਵਿਰਸਾ ਸ਼ਾਇਰਾਂ ਦਾ ਪਰ ਸ਼ਾਇਰੀ ਬਾਝ ਕੰਗਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਹੱਦਾਂ ਸਰਹੱਦਾਂ ਕੀ ਜਾਨਣ ਦੁੱਖ ਦਰਦ ਨੇ ਜੋ ਦਰਿਆਵਾਂ ਦੇ
ਪਾਣੀ ਦੇ ਵੀ ਦੋ ਸਿਰਨਾਵੇਂ ਨੇ ਨਾਂ ਵੱਖੋ-ਵੱਖਰੇ ਮਾਵਾਂ ਦੇ
ਨਫਰਤ ਦੇ ਸਿੱਕੇ ਰਹੇ ਢਲਦੇ ਬਣਿਆ ਮੈਂ ਉਹ ਟਕਸਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਜਿਸ ਫੁੱਲ ਦੀ ਮਹਿਕ ਮੁਹੱਬਤ ਸੀ ਉਹ ਪੱਤੀ ਪੱਤੀ ਬਿਖਰ ਗਿਆ
ਦੁੱਖ ਸੁੱਖ ਦਾ ਸੂਰਜ ਸਾਂਝਾ ਸੀ ਅੱਜ ਚਾਨਣ ਉਹਦਾ ਕਿਧਰ ਗਿਆ
ਇਸ ਸਦੀ ਦੀ ਜੋ ਸ਼ਰਮਿੰਦਗੀ ਹੈ ਉਸਦੀ ਮੈਂ ਬਣ ਤਿਰਕਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਇਹ ਕੇਹੜੀ ਹੋਣੀ ਵਰਤ ਗਈ ਸਾਡੇ ਵਿੱਚ ਏਨਾ ਫਰਕ ਪਿਆ
ਕੋਈ ਧਰਮ ਹੀ ਮੈਨੂੰ ਦੱਸ ਦੇਵੇ ਕਿਉਂ ਆਦਮ ਏਨਾ ਗਰਕ ਗਿਆ
ਸੱਚ ਕਹਿਣੋਂ ਸ਼ਾਇਰ ਵੀ ਸੰਗਦਾ ਏ ਮੈਂ ਖੁਦ ਵੀ ਕਰ ਇਕਬਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਸ਼ਬਦਾਂ ਦਾ ਅਰਥ ਗੁਆਚੇ ਨਾ ਮਨ ਮੇਰੇ ਇਹੋ ਫਿਕਰ ਪਿਆ
ਜੋ ਨੂਰ ਇਲਾਹੀ ਬਾਣੀ ਦਾ ਕਿਉਂ ਚੇਤੇ ਵਿੱਚੋਂ ਵਿਸਰ ਗਿਆ
ਜੋ ਸਿੰਘ ਸਿਰਜਿਆ ਗੋਬਿੰਦ ਨੇ ਇਸ ਖਲਕਤ ਵਿੱਚੋਂ ਭਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਧੀਆਂ ਜਿਹੀ ਫਸਲ ਪਿਆਰੀ ਨੂੰ ਅੱਜ ਵੀ ਅਬਦਾਲੀ ਲੁੱਟਦਾ ਏ
ਰੱਬ, ਰਾਜੇ, ਰਾਵਣ ਇਕ ਕਿਉਂ ਧਰਤੀ ਨੂੰ ਹਾਲੀ ਪੁੱਛਦਾ ਏ
ਖੁਦਕੁਸ਼ੀ ਨਾ ਉੱਗੇ ਖੇਤਾਂ 'ਚ ਮੈਂ ਐਸੀ ਫਸਲ ਸੰਭਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਕਿੱਸਾ ਜੋ ਕ੍ਰਿਸ਼ਨ ਸੁਦਾਮੇ ਦਾ ਅੱਜ ਸਾਰੇ ਅਰਥ ਗੁਆ ਬੈਠਾ
ਦਿੱਲੀ ਹੈ ਰਥ ਦਰਯੋਧਨ ਦਾ ਅਰਜਨ ਹੈ ਉਸ ਵਿੱਚ ਜਾ ਬੈਠਾ
ਮੇਰੀ ਭੀਸ਼ਮ ਜਿਹੀ ਮਜ਼ਬੂਰੀ ਹੈ ਅੱਜ ਤੀਕਰ ਉਸਨੂੰ ਟਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਅਯੁਧਿਆ ਵਿੱਚ ਅਜੇ ਹਨੇਰਾ ਹੈ ਉਹਦਾ ਦਰਦ ਦੀਵਾਲੀ ਕੀ ਜਾਣੇ
ਕਿਉਂ ਮਸਜਿਦ ਥਰ ਥਰ ਕੰਬਦੀ ਹੈ ਇਸ ਬਾਗ ਦਾ ਮਾਲੀ ਹੀ ਜਾਣੇ
ਜਿਹੜੀ ਸਾੜੇ ਅੱਗ ਮਾਸੂਮਾਂ ਨੂੰ ਮੈਂ ਖੁਦ ਵੀ ਸੜਦਾ ਨਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਮੇਰਾ ਮੁਰਸ਼ਦ ਬੁੱਲ੍ਹੇ ਸ਼ਾਹ ਹੋਵੇ ਮੇਰੀ ਕਾਇਆ ਵਿੱਚ ਕਬੀਰ ਰਹੇ
ਮੇਰੀ ਰੂਹ ਰਵਿਦਾਸ ਦਾ ਰੂਪ ਰਹੇ ਮੇਰੇ ਅੰਗ ਸੰਗ ਮੀਆਂ ਮੀਰ ਰਹੇ
ਮਨ ਮਸਤਕ ਵਿੱਚ ਮਰਦਾਨਾ ਹੈ ਹਰ ਯੁੱਗ ਵਿੱਚ ਨਾਨਕ ਨਾਲ ਰਿਹਾਂ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ
ਹੋਵੇ ਹਰ ਹਰਫ਼ ਚਿਰਾਗ਼ ਜਿਹਾ ਗੀਤਾਂ ਦੇ ਦੀਵੇ ਬਾਲ ਰਿਹਾਂ