ਜੋ ਸੁਪਨਿਆਂ ਦੇ ਵਿਚ

ਜੋ ਸੁਪਨਿਆਂ ਦੇ ਵਿਚ ਚਿਤਵੀਆਂ ਸੀ, ਤਸਵੀਰਾਂ ਕਿਧਰ ਗਈਆਂ?

ਮਿੱਟੀ ਨੂੰ ਸੋਨਾ ਕਰਦੀਆਂ ਜੋ, ਤਕਦੀਰਾਂ ਕਿਧਰ ਗਈਆਂ?

ਅਸੀਂ ਜਦ ਤੋਂ ਸੁਰਤ ਸੰਭਾਲੀ ਹੈ,ਸਾਡੀ ਜਾਨ ਦੁੱਖਾਂ ਵਿਚ ਜਕੜੀ ਏ।

ਅਸੀਂ ਸੁਪਨੇ ਦੇਖ ਕੇ ਅੱਕ ਗਏ ਹਾਂ, ਸਾਡੀ ਕਿਸਮਤ ਸਾਥੋਂ ਵਿੱਟੜੀ ਏ।

ਸਾਨੂੰ ਮਾਰਿਆ ਨਹੀਂ ਹਮਲਾਵਰਾਂ ਨੇ, ਅਸੀਂ ਆਪਣਿਆਂ ਤੋਂ ਮਰ ਗਏ ਹਾਂ,

ਦੁਸ਼ਟਾਂ ਨੂੰ ਮਾਰ ਮੁਕਾਉਂਦੀਆਂ ਜੋ, ਸ਼ਮਸ਼ੀਰਾਂ ਕਿਧਰ ਗਈਆਂ----?

ਨਿਆਈਆਂ ਤੋਂ ਮਿੱਟੀ ਉਡ ਉਡ ਕੇ, ਹੁਣ ਪਾਰ ਸਮੁੰਦਰੋਂ ਜਾ ਰਹੀ ਏ।

ਧਰਤੀ ਦੇ ਮਿੱਠੜੇ ਮੋਹ ਤੋਂ ਕਿਓਂ, ਅੱਜ ਹਰ ਪੀੜੀ ਉਕਤਾ ਰਹੀ ਏ?

ਮਾਂ ਧਰਤੀ ਦੇ ਰੰਗਾਂ ਵਿਚ ਜਿਸਨੇ, ਰੰਗ ਸੂਹੇ ਸੂਹੇ ਭਰਨੇ ਸੀ,

ਰੰਗ ਸੂਹੇ ਸੂਹੇ ਭਰਨ ਦੀਆਂ, ਤਦਬੀਰਾਂ ਕਿਧਰ ਗਈਆਂ--------?

ਅਸੀਂ ਲਿਆ ਸੀ ਖ਼ਾਬ ਆਜ਼ਾਦੀ ਦਾ, ਹੱਸ ਹੱਸ ਕੇ ਜਾਨਾਂ ਵਾਰੀਆਂ ਸੀ।

ਅਸੀਂ ਜਾਮ ਸ਼ਹਾਦਤ ਪੀਤੇ ਸੀ, ਦੇਹਾਂ ਤੱਤੀਆਂ ਜੰਗ ਵਿਚ ਠਾਰੀਆਂ ਸੀ।

ਉਹ ਸੁਬਹ ਆਜ਼ਾਦੀ ਦੀ ਜਿਸਨੇ, ਸਾਡੀ ਤਵਾਰੀਖ਼ ਸੰਵਾਰਨੀ ਸੀ,

ਉਹ ਭਾਗ ਜਗਾਵਣ ਵਾਲੀਆਂ ਦੱਸ, ਯਾਰ! ਲਕੀਰਾਂ ਕਿਧਰ ਗਈਆਂ-------?

ਤਖ਼ਤ ਦੇ ਵਾਰਿਸ ਆਉਂਦੇ ਰਹੇ, ਬੜੇ ਸਬਜ਼-ਬਾਗ਼ ਦਿਖਾਉਂਦੇ ਰਹੇ।

ਭਾਰਤ ਦਾ ਨਾਂ ਰੁਸ਼ਨਾਵਣ ਦੀ ਰੱਟ, ਉੱਚੀ ਉੱਚੀ ਲਾਉਂਦੇ ਰਹੇ।

ਪਰ ਫਿਰ ਵੀ ਸਾਡਾ ਅਮਨਦਾਤਾ ਕਿਓਂ ਖ਼ੁਦਕੁਸ਼ੀਆਂ ਦੇ ਰਾਹ ਤੁਰਦਾ?

ਮੇਹਨਤ ਨੂੰ ਬੂਰ ਲਗਾਉਣ ਦੀਆਂ, ਤਕਰੀਰਾਂ ਕਿਧਰ ਗਈਆਂ----

📝 ਸੋਧ ਲਈ ਭੇਜੋ