ਜੋ ਤਪਦੇ ਰਸਤਿਆਂ ਵਿਚ ਪਾਲ ਬਿਰਖਾਂ ਦੀ ਲਗਾਉਂਦਾ ਹੈ
ਪੈਗੰਬਰ ਵੀ ਉਹਦੇ ਰਾਹਾਂ ‘ਚ ਆ ਕੇ ਸਿਰ ਝੁਕਾਉਂਦਾ ਹੈ।
ਜ਼ਮਾਨਾ ਉਸਦੇ ਰਾਹਾਂ ਵਿਚ ਵਿਛਾ ਕੇ ਨੈਣ ਬਹਿੰਦਾ ਹੈ
ਤਿਹਾਏ ਪੰਛੀਆਂ ਲਈ ਨੀਰ ਦੇ ਜੋ ਸਰ ਲਿਆਉਂਦਾ ਹੈ।
ਲੋਕਾਈ ਕੋਸਦੀ ਰਹਿੰਦੀ ਹੈ ਉਸਨੂੰ ਹਸ਼ਰ ਦੇ ਤੀਕਰ
ਜੋ ਛਾਂਵਾਂ ਵੰਡਦੇ ਬਿਰਖਾਂ ਦੀ ਜੜ੍ਹ ਵਿਚ ਤੇਲ ਪਾਉਂਦਾ ਹੈ।
ਉਹ ਬੰਦੇ ਹੋਰ ਹੋਵਣਗੇ ਜੋ ਰੱਖਦੇ ਬਗਲ ਵਿਚ ਛੁਰੀਆਂ
ਕਵੀ ਐਪਰ ਹਮੇਸ਼ਾਂ ਖ਼ੈਰ ਖਲਕਤ ਦੀ ਮਨਾਉਂਦਾ ਹੈ।
ਇਹ ਪਾਣੀ,ਪੌਣ,ਬੂਟੇ ਜਾਨ-ਸਾਹ-ਸਤ ਧਰਤ ਮਾਤਾ ਦੇ
ਖ਼ੁਦਾ ਇਹਨਾਂ ਲਈ ਅਪਣਾ ਲਹੂ ਪਾਣੀ ਵਹਾਉਂਦਾ ਹੈ
ਉਹਦੇ ਸਿਰ ਨੂੰ ਅਸੀਸਾਂ ਨੇ ਜੋ ਛਾਂਵਾਂ ਪਾਲਦਾ ਰਹਿੰਦਾ
ਖੁਦਾ ਵੀ ਬੰਦਿਆਂ ਦੇ ਭੇਸ ਵਿਚ ਧਰਤੀ ਤੇ ਆਉਂਦਾ ਹੈ।
ਉਹ ਸੂਰਜ ਹੈ ਹਨੇਰੇ ਘੁਰਨਿਆਂ ਵਿਚ ਰੌ ਹੈ
ਕਿਹੜਾ ਆਦਮੀ ਆਪਣੀ ਪਿਆ ਦੌਲਤ ਲਟਾਉਂਦਾ ਹੈ?
ਕਿਸੇ ਦੀ ਸੁਣਕੇ ਮਹਿਮਾਂ ਉਹ ਬਹੁਤ ਬੇਹਾਲ ਹੋ ਜਾਵੇ
ਬੜਾ ਸਨਕੀ ਜਿਹਾ ਬੰਦਾ ਸਦਾ ਦਿਲ ਨੂੰ ਦੁਖਾਉਂਦਾ ਹੈ।
ਮੁਹੱਬਤ ਕਰ ਰਹੇ ਬੰਦੇ, ਉਹਦੇ ਮਨ ਨੂੰ ਨਹੀਂ ਭਾਉਂਦਾ
ਬੜਾ ਹੈ ਨਾਗ ਜ਼ਹਿਰੀਲਾ, ਵਿਹੁ ਆਪਣਾ ਦਿਖਾਉਂਦਾ ਹੈ।