ਸਾਡਾ ਉਹਦੇ ਨਾਲ ਕਾਜ ਤੂੰ ਰਚਾਈਂ ਬਾਬਲਾ
ਸੁੱਚੇ ਸੁਪਨੇ ਦੇ ਸਾਹਾਂ ਦਾ ਜੋ ਸਾਈਂ ਬਾਬਲਾ
ਮੈਨੂੰ ਰਾਮ ਤੇ ਰਹੀਮ ਦੀ ਨਾ ਲੋੜ ਬਾਬਲਾ
ਮੇਰੀ ਜਿੰਦੜੀ 'ਚ ਰਾਂਝਣੇ ਦੀ ਥੋੜ੍ਹਾ ਬਾਬਲਾ
ਸਾਂਝ ਤਖਤ ਹਜ਼ਾਰੇ ਸੰਗ ਪਾਈਂ ਬਾਬਲਾ
ਦੇਈਂ ਦਾਜ ਵਿੱਚ ਸਉਣ ਦਾ ਮਹੀਨਾ ਬਾਬਲਾ
ਅਸੀਂ ਤੀਆਂ ਵਾਂਗੂ ਚਾਰ ਦਿਨ ਜੀਣਾ ਬਾਬਲਾ
ਸਾਡੇ ਸ਼ਗਨਾਂ ਤੇ ਮੇਘਲਾ ਬੁਲਾਈਂ ਬਾਬਲਾ
ਸਾਨੂੰ ਮੱਠੇ ਮੱਠੇ ਨਿੱਘ ਵਾਲੀ ਅੱਗ ਚਾਹੀਦੀ
ਚੁੰਨੀ ਕਾਸ਼ਨੀ ਗੁਲਾਬੀ ਇੱਕ ਪੱਗ ਚਾਹੀਦੀ
ਹੱਥੀਂ ਸੂਰਜੇ ਦੇ ਪੱਲਾ ਤੂੰ ਫੜਾਈਂ ਬਾਬਲਾ
ਚੁੱਪ ਧਰਤੀ ਦੇ ਜੇਰੇ ਜਿਹੀ ਮਾਂ ਬਾਬਲਾ
ਸਾਡੇ ਸਿਰ ਤੇਰੇ ਅੰਬਰਾਂ ਦੀ ਛਾਂ ਬਾਬਲਾ
ਧੀ ਕੂੰਜ ਇਹਨੂੰ ਕਾਵਾਂ ਤੋਂ ਬਚਾਈਂ ਬਾਬਲਾ
ਸਭੇ ਸੋਹਣੇ ਸੋਹਣੇ ਵੀਰ ਜਿਵੇਂ ਰੁੱਖ ਬਾਬਲਾ
ਜਿਹੜੇ ਜਰਕੇ ਵੀ ਦੱਸਦੇ ਨਾ ਦੁੱਖ ਬਾਬਲਾ
ਬੂਟਾ ਮਹਿੰਦੀ ਵਾਲਾ ਵਿਹੜੇ ਵਿੱਚ ਲਾਈਂ ਬਾਬਲਾ
ਸਾਡੇ ਬੇਰੀਆਂ ਦੇ ਬੇਰਾਂ ਜਿਹੇ ਚਾਅ ਬਾਬਲਾ
ਸਾਡੇ ਲਿਖਦੇ ਨਸੀਬਾਂ ਚ ਹਵਾ ਬਾਬਲਾ
ਫੁੱਲਾਂ ਤਾਰਿਆਂ ਨੂੰ ਜੰਝ 'ਚ ਬੁਲਾਈਂ ਬਾਬਲਾ
ਸਾਡਾ ਉਹਦੇ ਨਾਲ ਕਾਜ ਤੂੰ ਰਚਾਈ ਬਾਬਲਾ
ਸੁੱਚੇ ਸੁਪਨੇ ਦੇ ਸਾਹਾਂ ਦਾ ਜੋ ਸਾਈਂ ਬਾਬਲਾ