ਕੱਚੇ ਘੜਿਆਂ ਜਿਹੇ ਯਾਰ

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ 

ਕੱਚੇ ਘੜਿਆਂ ਜਿਹੇ ਯਾਰ ਜੇਹੜੇ ਖੁਰ ਜਾਣ ਦੇ

ਤੇਰੇ ਨਾਲ ਹਾਂ ਹਮੇਸ਼ਾਂ ਜਿੰਦ ਜਾਨ ਵਾਂਗਰਾਂ 

ਕਦੀ ਇਕ ਵਾਰੀ ਮਿਲ ਇਨਸਾਨ ਵਾਂਗਰਾਂ 

ਜੇਹੜੇ ਅੱਗ ਕੋਲੋਂ ਡਰਦੇ ਨੇ ਮੁੜ ਜਾਣਦੇ 

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ

ਕਿਸੇ ਸੁੰਦਰਾਂ ਨੂੰ ਅੱਜ ਵਾਜ ਮਾਰ ਲੈਣ ਦੇ 

ਸਾਨੂੰ ਲੂਣਾ ਵਾਲਾ ਕਰਜ਼ਾ ਉਤਾਰ ਲੈਣ ਦੇ 

ਮਾਂ ਇਛਰਾਂ ਦੇ ਮੋਹ ਸੰਗ ਜੁੜ ਜਾਣ ਦੇ 

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ

ਤੁਹਮਤਾਂ ਦੇ ਨਾਗ ਸਾਨੂੰ ਨਿੱਤ ਡੱਸਦੇ 

ਪੀਕੇ ਜ਼ਹਿਰ ਦਾ ਪਿਆਲਾ ਅਸੀਂ ਰਹੇ ਹੱਸਦੇ 

ਖੱਲਾਂ ਪੁੱਠੀਆਂ ਲੁਹਾਕੇ ਜੱਗੋਂ ਤੁਰ ਜਾਣਦੇ 

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ

ਸਾਡੀ ਅੱਖ ਵਾਲੇ ਸੁਪਨੇ ਨੂੰ ਬਲ ਲੈਣ ਦੇ 

ਤੱਤੀ ਤਵੀ ਵਾਲਾ ਸੇਕ ਸਾਨੂੰ ਜਰ ਲੈਣ ਦੇ 

ਟੁੱਟੀ ਯਾਰੀ ਵਾਲੀ ਤੰਦ ਅੱਜ ਜੁੜ ਜਾਣ ਦੇ 

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ

ਮਾਛੀਵਾੜੇ ਵਿੱਚ ਯਾਰਾਂ ਬਾਰੇ ਲਿਖ ਲੈਣ ਦੇ 

ਜੀਂਦੇ ਨੀਹਾਂ ਵਿੱਚ ਚਿਣੇ ਜਾਣਾ ਸਿੱਖ ਲੈਣ ਦੇ 

ਜ਼ਾਲਮ, ਨਦੀਆਂ ਦੇ ਕੰਢੇ ਵਾਂਗ ਭੁਰ ਜਾਣਦੇ 

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ

ਮਿਲੇ ਮੌਤ ਮੁਕਲਾਵੇ ਵਾਲੀ ਰੀਝ ਵਾਂਗਰਾਂ 

ਡੁੱਲੇ ਖੂਨ ਜਿੱਥੇ ਫੁੱਟ ਪੈਣਾ ਬੀਜ ਵਾਂਗਰਾ

ਰਹੇ ਸੱਜਣ ਉਡੀਕ ਸਾਨੂੰ ਤੁਰ ਜਾਣਦੇ 

ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ

📝 ਸੋਧ ਲਈ ਭੇਜੋ