ਕਦੇ ਜੋ ਚਾਦਰਾਂ ਉੱਪਰ
ਜਾਂ ਬਣੀਆਂ ਰੇਤਿਆਂ ਉੱਤੇ ।
ਉਹੀ ਹੁਣ ਸਿਲਵਟਾਂ ਪਈਆਂ
ਨੇ ਸਾਡੇ ਮੱਥਿਆਂ ਉੱਤੇ ।
ਉਸੇ ਦਿਨ ਤੋਂ ਸ਼ੁਰੂ ਹੋਈ
ਹੈ ਬੁਝਣੀ ਅੱਗ ਛਟੀਆਂ ਦੀ,
ਜਦੋਂ ਤੋਂ ਛਾਂ ਜਹਾਜਾਂ ਦੀ
ਹੈ ਪੈ ਗਈ ਚੁੱਲਿ੍ਆਂ ਉਤੇ ।
ਨਹੀਂ ਹੈ ਲਾਜ਼ਮੀ ਕਿ ਹੁਣ
ਮੈਂ ਤੈਨੂੰ ਆਪਣਾਂ ਆਖਾਂ,
ਤੇਰੇ ਤੋਂ ਬਿਰਖ ਨੇ ਚੰਗੇ
ਮਿਲਣ ਜੋ ਰਸਤਿਆਂ ਉੱਤੇ ।
ਜੋ ਤਾਰੇ ਅੰਬਰੋਂ ਟੁੱਟਣ
ਉਹੀ ਹੈ ਵੇਖਦੀ ਦੁਨੀਆਂ,
ਨਾਂ ਤੱਕੇ ਪਰ ਕਦੇ ਅੰਬਰ
ਜੋ ਟੁੱਟਣ ਤਾਰਿਆਂ ਉੱਤੇ ।
ਮਿਲਾਕੇ ਹੱਥ ਵੀ ਹੁਣ ਤਾਂ
ਨੇ ਗਿਣਦੇ ਉਂਗਲਾਂ ਲੋਕੀਂ,
ਰਿਹੈ ਇਤਬਾਰ ਹੁਣ ਕਿੱਥੇ
ਦਿਲਾਂ ਨੂੰ ਰਿਸ਼ਤਿਆਂ ਉੱਤੇ ।
ਅਸੀਂ ਥੱਕੇ ਜਦੋਂ ਸੁੱਤੇ ਤਾਂ
ਬਣ ਗਏ ਖ਼ਾਬ ਵੀ ਸੂਲੀ,
ਤੇ ਕਹਿੰਦਾ ਵਕਤ ਫਿਰ ਸਾਨੂੰ
ਕਿ ਨੱਚੋ ਕੰਡਿਆਂ ਉੱਤੇ ।