ਕਾਗਜ਼-ਕਲਮ ਸੰਵਾਦ

ਕਲਮ ਕਹਿੰਦੀ 

ਕਾਗਜ਼ ਤਾਈਂ 

ਮੈਂ ਤੇਰੀ ਹਿੱਕ 'ਤੇ

ਰਚਨਾ ਚਾਹੁੰਦੀ ਹਾਂ 

ਸਦੀਵੀ ਕਵਿਤਾ

ਉਕਰਨਾ ਚਾਹੁੰਦੀ ਹਾਂ

ਪੱਕੀ ਇਬਾਰਤ

ਕਾਗਜ਼ ਕਹਿੰਦਾ

ਕਮਲੀਏ !

ਇਬਾਰਤ ਵਿਚ

ਸਦੀਵੀ ਕੁਝ ਨਹੀਂ ਹੁੰਦਾ 

ਸਦੀਵੀ ਹੁੰਦੀ ਹੈ

ਜ਼ਿੰਦਗੀ ਤੇ ਮੌਤ ਦੀ

ਜੱਦੋਜਹਿਦ

ਸਦੀਵੀ ਹੁੰਦਾ ਹੈ

ਜ਼ਿੰਦਗੀ ਨੂੰ 

ਹੋਰ ਬਿਹਤਰ

ਬਣਾਉਣ ਲਈ

ਵਿੱਢਿਆ ਸੰਘਰਸ਼ 

ਹੋਰ ਕੁਝ ਸਦੀਵੀ

ਨਹੀਂ ਹੁੰਦਾ

ਚੱਲ !

ਮੇਰੇ ਨਾਲ ਵਾਅਦਾ ਕਰ

ਕਿ ਤੂੰ ਮੌਤ ਨਾਲ 

ਖਹਿੰਦੀ ਕਵਿਤਾ ਰਚੇਂਗੀ

ਜ਼ਿੰਦਗੀ ਦੇ ਸਾਹਾਂ ਨਾਲ

ਲੈਅ-ਬੱਧ ਕਵਿਤਾ

ਸਿਰਜੇਂਗੀ

ਤੇ ਰਚੇਂਗੀ 

ਆਉਣ ਵਾਲੀਆਂ

ਪੀੜ੍ਹੀਆਂ ਲਈ

ਸੰਘਰਸ਼ ਗਾਥਾ 

ਤਾਂ ਜੋ ਹੋਰ ਬਿਹਤਰ

ਹੋ ਸਕੇ ਮਨੁੱਖ ਦਾ ਕੱਲ੍ਹ

📝 ਸੋਧ ਲਈ ਭੇਜੋ