ਕੱਖ-ਕੁੱਖ-ਕ੍ਰਾਂਤੀ

ਗੈਰਤਾਂ ਦੇ ਠੱਪੇ ਲੱਗੇ, ਝੰਡਿਆਂ ਦੀ ਹਿੱਕ ਉੱਤੇ

ਅਣਖਾਂ ਨੇ ਅੱਖ ਖੋਲ੍ਹੀ ,ਘੇਸਲਾਂ ਨੇ ਘੁੰਡ ਸੁੱਟੇ

ਛਵੀਆਂ ਦੇ ਪਰ ਫੁੱਟੇ,ਚਿੜੀਆਂ ਦੇ ਖੰਭਾਂ ਵਿੱਚੋਂ

ਵਰਨਾਂ ਦਾ ਟੁੱਟਣਾ ਹੀ,ਖੰਡੇ-ਬਾਟਿਆਂ ਦੇ ਜੋੜ ਨੇ।

ਨਗਾਰਿਆਂ ਦੀ ਗੂੰਜ ਥੱਲੇ,ਜਜ਼ਬਿਆਂ ਨੇ ਪੈਲ ਪਾਈ

ਨਾਗਾਂ ਵਾਂਗੂੰ ਵਰਮੀਂ ਵੜ੍ਹੇ,ਗ਼ਮ, ਖਾਰ, ਡਰ, ਵੈਰ ਨੇ

ਮੌਸਮਾਂ ਨੇ ਲੀੜੇ ਵੰਡੇ,ਨਵ-ਰੁੱਤਾਂ ਨੇ ਲਿਬਾਸ ਪਾਏ

ਜ਼ਰਦੀ-ਚਿਹਰੇ ਹੋਏ ਸਾਵੇ,ਖ਼ਿਆਲ-ਖ਼ਰੇ ਦੌੜਦੇ।

ਮਿਹਰਾਂ ਦਿਆਂ ਨੇਜਿਆਂ, ਬੇਦਾਵਿਆਂ ਦੀ ਹਿੱਕ ਚਾਕੀ

ਖਾਰੇ ਮਾਫ਼ੀਆਂ ਦੇ ਹੰਝੂ, ਮਿੱਠੇ-ਕੌਲ਼ਾਂ ਦਾ ਅਗਾਜ਼ ਨੇ

ਇਹ ਜੋ ਰਾਜੇ, ਰਾਹੀ, ਜੋਗੀ,ਸੰਤ, ਕਵੀ, ਛੈਲ, ਸੂਰੇ

ਕਲਗੀਂ, ਕੱਕੇ, ਘੋੜੇ,ਜਪੁ,ਜਾਪੁ, ਤਸਬੀ,ਬਾਜ਼ ਨੇ।

ਹਰ ਘੜੀ ਸੀਸ ਮੰਗੇ,ਸੱਚ ਦੀ ਕਿਰਪਾਨ ਤਾਂ

ਜ਼ਿੰਦਗੀ ਤੇ ਮੌਤ ਦੇ,ਇਹ ਖੇਲ ਵੀ ਅਜ਼ੀਬ ਨੇ

ਤੰਬੂਆਂ ਦੇ ਝਾਲਰਾਂ ਤੋਂ,ਕਲਸਾਂ ਨੂੰ ਡਰ ਆਵੇ

ਕੱਖਾਂ ਦੀਆ ਕੁੱਖਾਂ ‘ਚ,ਕ੍ਰਾਂਤੀਆ ਦੇ ਬੀਜ ਨੇ।

ਬੋਝ ਨਹੀਂ ਵਹਿਮ ਨਹੀਂ,ਸ਼ੱਕ, ਸ਼ੋਕ, ਸਹਿਮ ਨਹੀ

ਤੇਗਾਂ ਦਿਆਂ ਮੱਥਿਆਂ ‘ਤੇ,ਸ਼ਬਦਾਂ ਦਾ ਨੂਰ

ਸਿੱਖੀ ਕੋਈ ਝੱਲ ਨਹੀ,ਜਜ਼ਬੇ ਦੀ ਛੱਲ ਨਹੀ

ਸਿੱਖੀ ਤਾਂ ਸਰੂਰ ਐ,ਸ਼ਹਾਦਤਾਂ ਦਾ ਪੂਰ ਐ।

📝 ਸੋਧ ਲਈ ਭੇਜੋ