ਕੱਕਾ ਕਾਜ਼ੀ ਹੈ ਸੋਈ ਜੋ ਕਾਇਆਂ ਸੋਧੇ, ਦਿਲੋਂ ਗ਼ੈਰਦੀ ਮੈਲ਼ ਨੂੰ ਚੁੱਕਦਾ ਈ।
ਅੱਠੇ ਪਹਿਰ ਹੀ ਰੱਬ ਦੇ ਨਾਲ ਸੱਜਦਾ, ਸੀਸ ਹੋਰ ਖ਼ੁਦਾਇ ਨੂੰ ਝੁੱਕਦਾ ਈ ,
ਹੱਕ ਕਿਸੇ ਦਾ ਸੂਰ ਸਮਾਨ ਜਾਨੇ, ਗੈਲ ਗੱਲ ਨਜ਼ਦੀਕ ਨ ਢੁੱਕਦਾ ਈ,
ਪੜ੍ਹੇ ਹਰਫ਼ ਖ਼ੁਦਾਇਕੇ ਨਾਮ ਵਾਲ਼ਾ, ਸੋਈ ਕਾਜ਼ੀ ਜਾਨੋਂ ਭੱਲੀ ਕੁੱਖਦਾ ਈ।
ਜਿਨ੍ਹਾਂ ਦੇਹਰ ਮਸਜਦ ਜਾਤੀ ਮਨ ਕਾਜੀ, ਨਹੀ ਵਿਚ ਮਸੀਤ ਦੇ ਢੁੱਕਦਾ ਈ ।
ਜਿਨ੍ਹਾਂ ਅਲਫ਼ ਦੇ ਹਰਫ ਨੂੰ ਸਹੀ ਕੀਤਾ, ਨਹੀ ਬਜ ਕਤਾਬਦਾ ਚੁੱਕਦਾ ਈ ।
ਜਿਨ੍ਹਾਂ ਚਿਰ ਪਰੋਲਿਆ ਨਾਮ-ਮਨਕਾ, ਮਾਲਾ ਤਸਬੀ ਕਦੇ ਨਾ ਚੁੱਕਦਾ ਈ ।
ਹੋਣਹਾਰ ਦੀ ਜਿਨ੍ਹਾਂ ਪ੍ਰਤੀਤ ਕੀਤੀ, ਬਾਮਣ ਕੋਲੋਂ ਨਾ ਪੱਤਰੀ ਪੁੱਛਦਾ ਈ।
ਜਿਨ੍ਹਾਂ ਰੱਖਿਆ ਸਤ ਸੰਤੋਖ ਰੋਜ਼ਾ, ਨਹੀ ਤਿਆਰ ਕਰੇ ਦੜੇ ਕੂਕਦਾ ਈ।
ਬਲ ਜਦੋਂ ਮੁਹਬਤ ਨੂੰ ਜਾਨ ਲੀਤਾ, ਮੌਜ ਕੰਜਰਾਂ ਦੀ ਘਰੀਂ ਲੁੱਟਦਾ ਈ।
ਜਿਨ੍ਹਾਂ ਪੀ ਲਿਆ ਕਦ ਨਾ ਅਮਲ ਲਹਿੰਦਾ, ਇਕੋ ਆਬਹਯਾਤ ਦੇ ਘੁੱਟਦਾ ਈ।
ਜਿਨ੍ਹਾਂ ਯਾਰ ਦੇ ਮਿਲਨ ਦੀ ਤਾਂਘ ਰੱਖੀ, ਮੌਤ ਦਿਨ ਉਡੀਕ ਦੇ ਮੁੱਖਦਾ ਈ ।
ਨਾਮ ਔਖਧੀ ਕੱਟਿਆ ਰੋਗ ਜੀਹਦਾ, ਨਹੀ ਵੈਦ ਹਕੀਮ ਨੂੰ ਪੁੱਛਦਾ ਈ।
ਆਸ਼ਕ ਅੱਗੇ ਤੇ ਜਿਨ੍ਹਾਂ ਦਾ ਨਾਮ ਭਜਨਾ, ਮਾਨ ਛੱਡਦੇ ਇਸ ਬੁੱਤਦਾ ਈ।
ਨਾਲੋਂ ਵਿਛੜਿਆਂ ਨੂੰ ਸੋਹਣਾ ਯਾਰ ਜਿਦ੍ਹਾ, ਰਹੇ ਚਿੱਤ ਗ਼ਮਨੀਕ ਮਨੁੱਖ ਦਾ ਈ।
ਜੇੜ੍ਹਾ ਕਰੇ ਮੁਰਾਤਬਾ ਸੋ ਪਾਵੇ, ਰੱਬ ਜਾਤ ਸਫ਼ਾਤ ਨਾ ਪੁੱਛਦਾ ਈ।
ਜਿਨ੍ਹਾਂ ਨਾਮ ਬਪਾਰ ਖ਼ਰੀਦਿਆ ਹੈ, ਧੰਨ ਜੀਵਨਾ ਓਸ ਮਨੁੱਖ ਦਾ ਈ।
ਬੰਦੇ ਚੌਵੀ ਹਜ਼ਾਰ ਸਵਾਸ ਤੇਰਾ, ਇਨ੍ਹਾਂ ਰੋਜ਼-ਬਰੋਜ਼ ਹੀ ਮੁੱਕਦਾ ਈ।
ਛੇਤੀ ਬੀਜ਼ ਲੈ ਜੇ ਕੁੱਛ ਕੱਢਣਾਈ, ਮਹੀਨਾ ਚੱਲਿਆ ਕੱਤੇ ਦੀ ਰੁੱਤ ਦਾ ਈ।
ਜਿਸ ਰੋਜ਼ ਮੇਂ ਜੀਵ ਤੇ ਕਾਲ ਆਵੇ, ਨਹੀ ਥਿੱਤ ਮਹੂਰਤਾਂ ਪੁੱਛਦਾ ਈ।
ਜਿਹੜਾ ਮੌਤ ਨੇ ਆਣਕੇ ਕਬਜ਼ ਕੀਤਾ, ਸੁੱਖ ਦਿਤਿਆਂ ਕਦੇ ਨਾ ਛੁੱਟਦਾ ਈ।
ਦਸ ਵੈਦ ਕੀ ਓਸਨੂੰ ਰੱਖ ਸਕੇ, ਦਾਣਾ ਜਿਸ ਇਨਸਾਨ ਦਾ ਮੁੱਕਦਾ ਈ।
ਮੌਤ ਵਿੱਚ ਮੁਕਦਮੇ ਕੈਦ ਹੋਇਆ, ਨਹੀ ਕਦੇ ਅਪੀਲ ਤੋਂ ਛੁੱਟਦਾ ਈ।
ਮੁਲਕ ਅਦਮ ਨਮਾਨੜੇ ਨੂੰ ਜਾਂਦਾ, ਰੂਹ ਸਲਾਮ ਨਾ ਸਮਾਂ ਪੁੱਛਦਾ ਈ।
ਦੇਕੇ ਵਢੀਆਂ ਚੋਰ ਛਡਾਇ ਲਈਏ, ਗਰਿਫ਼ਤਾਰ ਨ ਜਮਾਂ ਦਾ ਛੁੱਟਦਾ ਈ।
ਜਦੋਂ ਉੱਡ ਗਿਆ ਵਿਚੋਂ ਰੂਹ ਪੰਛੀ, ਪਿਛੋਂ ਦੇਹ ਦੇ ਆਹਲਣਾ ਖੁੱਸਦਾ ਈ।
ਮਾਨਸ ਪੁਰਸ਼ ਇਹ ਮੌਤ ਦੀ ਰੇਲ ਚੜ੍ਹਕੇ, ਨਾਮ ਟਿਕਟ ਤੋਂ ਬਿਨਾਂ ਨਾ ਛੁੱਟਦਾ ਈ।
ਕਾਲ-ਬਲੀ ਦੇ ਨਾਲ ਨਾ ਉਜ਼ਰ ਕੋਈ, ਇਸ ਜੀਵ ਵਿਚਾਰ ਤੇ ਤੁੱਛਦਾ ਈ।
ਅੱਜ-ਕਲ੍ਹ ਜਾਣੀ ਮੌਤ ਢਾਹ ਲੱਗੀ ਕਾਹਦਾ ਮਾਨ ਸਰੀਰ ਦੇ ਰੁੱਖਦਾ ਈ।
ਕਾਲ ਧਾਰ ਕੇ ਰੂਪ ਕਸਾਈਆਂ ਦਾ, ਵਾਂਗ ਬਕਰੇ ਜੀਵ ਨੂੰ ਕੁੱਠਦਾ ਈ।
ਕਿਹੜਾ ਵੈਦ ਹੈ ਘਟੀ ਵਧਾਉਣ ਵਾਲਾ, ਦਾਰੂ ਮਿਲੇ ਨਾ ਮੌਤ ਦੇ ਦੁੱਖਦਾ ਈ।
ਦੇਵਾ ਸਿੰਘ ਪਰ ਇੱਕ ਦਿਨ ਵਿਛੜੇਗਾ, ਮੇਲਾ ਹੋ ਗਿਆ ਰੂਹ ਤੇ ਬੁੱਤਦਾ ਈ।