ਕੱਕਾ ਆਖਦਾ ਕੁਦਰਤੀ ਰੱਬ ਦਿਸੇ, ਅੱਖੀ ਕਿਵੇਂ ਦਿਖਾਲੀਏ ਅੰਨ੍ਹਿਆਂ ਨੂੰ।

ਰੰਗ-ਰੰਗ ਨਾ ਆਖਿਆਂ ਰੰਗ ਹੋਵੇ, ਪਤਾ ਰੰਗ ਦਾ ਰੰਗ ਦੇ ਰੰਗਿਆਂ ਨੂੰ। 

ਕੋਸ ਕਦਮ ਦਾ ਫ਼ਾਸਲਾ ਗ਼ਾਫ਼ਲਾਂ ਤੋਂ, ਰੱਬ ਦੂਰ ਨਾ ਰੱਬ ਦੇ ਬੰਦਿਆਂ ਨੂੰ। 

ਮਾਯਾ ਆਂਵਦੀ ਮਗਰ ਤਿਆਗੀਆਂ ਦੇ, ਮਿਲੇ ਖ਼ਾਕ ਨਾ ਮੁੱਖ ਸੇ ਮੰਗਿਆਂ ਨੂੰ। 

ਵਿਚੋਂ ਗੁਣਾਂਦੀ ਸਿਫ਼ਤ ਵਿਚਾਰ ਕਰੀਏ, ਨਹੀਂ ਦੇਖੀਏ ਉੱਚਿਆਂ ਲੰਮਿਆਂ ਨੂੰ। 

ਨਹੀਂ ਜਾਪਦਾ ਹੋਰ ਮਾਸ਼ੂਕ ਬਾਝੋਂ, ਪੁੱਛੋਂ ਇਸ਼ਕ- ਭੁਯੰਗ ਦੇ ਡੰਗਿਆਂ ਨੂੰ। 

ਪਵੇ ਬਹੁਤੜੀ ਮਾਰ ਦਰਬਾਰ ਅੰਦਰ, ਏਸ ਅਮਲ ਮਨੁੱਖ ਦੇ ਮੰਦਿਆਂ ਨੂੰ। 

ਮੋਇਆਂ ਬਾਦ ਰਹਿ ਜਾਂਵਦੀ ਯਾਦ ਨੇਕੀ, ਪਿਛੋਂ ਲੋਕ ਸਲਾਂਵ੍ਹਦੇ ਚੰਗਿਆਂ ਨੂੰ। 

ਕਿਹੜੀ ਵਸਤ ਨੇ ਜਾਵਨਾ ਸੰਗ ਤੇਰੇ, ਰੋਵੇਂ ਗ੍ਰਿਹਸਤ ਕੁਟੰਬ ਦੇ ਧੰਦਿਆਂ ਨੂੰ। 

ਖ਼ਾਲੀ ਹੱਥ ਜਹਾਨ ਤੇ ਭੇਜਿਆ ਈ, ਅੰਤ ਫੇਰ ਬੁਲਾਵਨਾ ਨੰਗਿਆਂ ਨੂੰ।

ਪਾਇਆ ਭੇਦ ਮਹਬੂਬ ਦਾ ਦਯਾ ਸਿੰਘਾ, ਜਿਨ੍ਹਾਂ ਖੋਲ੍ਹਿਆ ਦਿਲਾਂ ਦੇ ਜੰਦਿਆਂ ਨੂੰ।

📝 ਸੋਧ ਲਈ ਭੇਜੋ