ਕਲ ਕਿਤਾਬਾਂ ਵਿਚੋਂ ਜਿਸਦਾ

ਕਲ ਕਿਤਾਬਾਂ ਵਿਚੋਂ ਜਿਸਦਾ ਲੱਭਿਆ ਸੀ ਸਿਰਨਾਵਾਂ । 

ਉਸ ਨੂੰ ਅੱਜ ਮੈਂ ਸੋਚਾਂ ਖ਼ਤ ਕੋਈ ਪਾਵਾਂ ਕੇ ਨਾ ਪਾਵਾਂ । 

ਸ਼ਹਿਰ ਤੇਰੇ ਵਿੱਚ ਕੌਣ ਹੈ ਮੋਇਆ ਝੰਡਿਆਂ ਦੇ ਸਿਰ ਨਿਉਂ ਗਏ 

ਸਹਿਮੇ-ਸਹਿਮੇ ਚਿਹਰੇ ਕਿਸ ਦੀ ਰੂਹ ਲਈ ਕਰਨ ਦੁਆਵਾਂ । 

ਬੇਵਿਸ਼ਵਾਸੀ ਸਹਿਮ ਤੇ ਸ਼ੰਕੇ ਦਾ ਜਦ ਤੀਕਰ ਪਹਿਰਾ 

ਕਿਸ ਦੇ ਗਲ ਨੂੰ ਲਗ ਕੇ ਰੋਵਾਂ ਕਿਸ ਨੂੰ ਹਾਲ ਸੁਣਾਵਾਂ । 

ਹੋਣੀ ਦੇ ਨਾਲ ਦੋ-ਚਾਰ ਹੁੰਦਿਆਂ ਏਦਾਂ ਵੀ ਹੈ ਹੋਇਆ 

ਕਿਸੇ ਦਾ ਤਰਕਸ਼ ਟੰਗਿਆ ਰਹਿ ਗਿਆ ਮਰ ਗਿਆ ਬਾਝ ਭਰਾਵਾਂ । 

ਮੁਸ਼ਕਿਲ ਹੈ ਛਾਂ ਵੰਡਣੀ ਫਿਰ ਵੀ ਗੱਲ ਜਦੋਂ ਕੋਈ ਕਰਦਾ 

ਥਰ-ਥਰ ਕੰਬਦੀਆਂ, ਰੁੱਖ ਦੀਆਂ ਟਾਹਣਾ, ਲੁਕ-ਲੁਕ ਰੋਵਣ ਮਾਵਾਂ

📝 ਸੋਧ ਲਈ ਭੇਜੋ