ਕਲ ਤਕ ਜੋ ਹਰ ਮਹਿਫਲ ਦੇ ਵਿਚ ਬਣਦਾ ਰਿਹਾ ਸ਼ਿੰਗਾਰ ।
ਅੱਜ ਕਲ ਆਪਣੀ ਚੁੱਪ 'ਚ ਮਰਦਾ ਜਾਵੇ ਉਹ ਫ਼ਨਕਾਰ ।
ਮੇਰੀ ਅਰਥੀ ਪਿੱਛੇ ਤਾਂ ਸੀ ਸੱਭ ਦੇ ਵਤਸਰ ਚਿੱਟੇ ।
ਪਰ ਉਹ ਸਿਰ ਤੇ ਲੈ ਕੇ ਆਇਆ ਫੁਲਕਾਰੀ ਰੰਗਦਾਰ ।
ਨਾ ਮਿਰਦੰਗ ਨਾ ਰਾਧਾ ਘੁੰਗਰੂ ਨਾ ਰੌਣਕ ਨਾ ਵਿਹੜਾ
ਹੁਣ ਤਾਂ ਐਵੇਂ ਅਵਚੇਤਨ ਵਿੱਚ ਗੂੰਜ ਰਹੀ ਛਣਕਾਰ ।
ਹਾਸੇ ਦੀ ਜਦ ਚੇਪੀ ਉਸ ਦੇ ਮੂੰਹ ਤੋਂ ਕਿਸੇ ਉਤਾਰੀ
ਉਹ ਫਿਰ ਅੰਬਰੀ-ਬਿਜਲੀ ਬਣ ਕੇ ਰੋ ਪਿਆ ਜ਼ਾਰੋ ਜ਼ਾਰ ।
ਲੋਕੋ ਬੋਚ ਲਵਾਂ ਦਿਲ ਕਰਦਾ ਟੁੱਟ ਕੇ ਡਿੱਗਦਾ ਤਾਰਾ
ਨਹੀਂ ਤੇ ਉਸਦੇ ਵੀ ਹੋ ਜਾਣੇ ਟੁੱਕੜੇ ਲੱਖ-ਹਜ਼ਾਰ !