ਕਲਮਾਂ ਵਾਲਿਉ ਤੇ ਕਲਾਕਾਰੋ

ਕਲਮਾਂ ਵਾਲਿਉ ਤੇ ਕਲਾਕਾਰੋ,

ਦੇਸ ਪੰਜਾਬ ਨੂੰ ਪਾਰ-ਉਤਾਰੋ। 

ਨਸ਼ੇ ਹਥਿਆਰ ਬੜੇ ਲਿਖ-ਗਾ ਲਏ 

ਹੁਣ ਕੁਝ ਹਾਅ ਦਾ ਨਾਹਰਾ ਮਾਰੋ। 

ਖੜ੍ਹ ਕੇ ਸ਼ੀਸ਼ੇ ਮੂਹਰੇ ਪੁੱਛਿਓ ਜ਼ਰਾ ਸੁਆਲ ਇਹ ਸ਼ਕਲਾਂ ਨੂੰ। 

ਸੋਚੋ ਕਿਹੜੇ ਰਾਹ ਪਾ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ! 

ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ

ਕੁਝ ਚਿਰ ਭੁੱਲ ਕੇ ਲੱਕ ਦੀ ਮਿਣਤੀ। 

ਕਰਿਉ ਖ਼ੁਦਕੁਸ਼ੀਆਂ ਦੀ ਗਿਣਤੀ। 

ਧੀ ਮੁਟਿਆਰ ਨੇ ਕੋਰੀ ਸੱਧਰ ,

ਬਾਪ ਦੀ ਅਰਥੀ ਦੇ ਵਿੱਚ ਚਿਣਤੀ।

ਉੱਤੋਂ ਸ਼ਾਹੂਕਾਰ ਲੈ ਜਾਣਾ ਸਿਰ ਤੇ ਪੱਕੀਆਂ ਫਸਲਾਂ ਨੂੰ

ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ

ਜੰਮ-ਜੰਮ ਗਾਉ ਜ਼ੁਲਫ਼ ਦੀਆਂ ਛਾਵਾਂ। 

ਨੈਣਾਂ ਦੀਆਂ  ਮਸਤ ਅਦਾਵਾਂ। 

ਪਰ, ਚਿੱਤਰਿਓ ਪੁੱਤ ਨਸ਼ੇ ਵਿੱਚ ਡੁੱਬੇ, 

ਉਲਝੇ ਵਾਲ ਵਿਲਕਦੀਆੰ ਮਾਵਾਂ। 

ਰਲਕੇ ਦਿਉ ਲਾਸ਼ਾਂ ਨੂੰ ਮੋਢਾ ਪਾਸੇ ਰੱਖ ਕੇ ਰਫ਼ਲਾਂ ਨੂੰ। 

ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ

ਲਿਖ-ਲਿਖ ਨਗਮੇ ਗੈਂਗ ਬਣਾਏ। 

ਕਿਉਂ ਪਿਸਤੌਲ ਨੇ ਡੱਬ ਵਿੱਚ ਪਾਏ। 

ਇਹ ਜੋ ਅੱਗ ਦਰਾਂ ਤੇ ਫਿਰਦੀ ,

ਸੇਕਣੇ  ਪੈਣੇ  ਘਰ  ਮਚਾਏ

ਹੁਣ ਕਿਹੜੇ ਖਾਤੇ ਪਾਈਏ ਅਰਮਾਨਾਂ ਦੇ ਕਤਲਾਂ ਨੂੰ।

ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ

ਫੋਕੇ ਪਾਣੀਆਂ ਨੂੰ ਨਾ ਪੁਣੀਏ। 

ਚਲੋ!  ਜ਼ਮੀਰਾਂ ਦੀ ਵੀ ਸੁਣੀਏ। 

“ਸੁੱਖ” ਜੋ ਕੰਡੇ ਹੱਥੀਂ ਬੀਜੇ 

ਰਲਕੇ ਪਲਕਾਂ ਦੇ ਨਾਲ ਚੁਣੀਏ। 

ਨਹੀਂ ਤਾਂ ਲਾਹਣਤਾਂ ਪੈਣਗੀਆਂ ਇਹੋ ਜਿਹੀਆਂ ਅਕਲਾਂ ਨੂੰ। 

ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ !

📝 ਸੋਧ ਲਈ ਭੇਜੋ