ਐ ਮੇਰੇ ਪਾਲਣਹਾਰ !
ਮੈਂ ਇੱਥੇ ਚੜ੍ਹਦੀਕਲਾ ਵਿਚ ਹਾਂ
ਤੇ ਤੂੰ ਉਥੇ ਪੂਰੇ ਜਲਾਲ ਵਿਚ ਹੈਂ
ਮੈਨੂੰ ਦਿੱਲੀਓਂ ਆਉਂਦੀਆਂ ਹਵਾਵਾਂ
ਜਦ ਵੀ ਸੁਣਾਉਂਦੀਆਂ ਨੇ
ਸਿੰਘੂ, ਟਿੱਕਰੀ ਉੱਤੇ ਗੂੰਜਦੇ ਜੈਕਾਰੇ
ਤੇਰੇ ਰੋਹ ਭਰੇ ਇਨਕਲਾਬੀ ਨਾਅਰੇ
ਸੱਚੀ ਓ ਮੇਰੇ ਪਾਲਨਹਾਰ ! ਰਾਤੋਰਾਤ
ਮੈਂ ਦੋ ਉਂਗਲਾਂ ਉੱਚੀ ਹੋ ਜਾਂਦੀ ਹਾਂ
ਤੇਰੀ ਸ਼ਾਨਾਮੱਤੀ ਹਰੀ ਪੱਗ ਸਦਕਾ
ਗੂੜ੍ਹੀ ਹਰੀ ਭਾਹ ਮਾਰਨ ਲਗਦੀ ਹਾਂ
ਨੀ ਹਵਾਏ ਸਖੀਏ ! ਮੈਂ ਤੈਥੋਂ ਵਾਰੀ
ਇਕ ਸੁਨੇਹਾ ਲੈਂਦੀ ਜਾਈਂ
ਪਾਲਣਹਾਰੇ ਨੂੰ ਆਖ ਸੁਣਾਈਂ
ਕਿ ਨਾ ਕਰੇ ਭੋਰਾ ਵੀ ਫ਼ਿਕਰ
ਮੈਂ ਅਪਣੇ ਪੈਰੀਂ ਖੜੀ ਹੋ ਚੁੱਕੀ ਹਾਂ
ਤੇ ਮੈਨੂੰ ਪੂਰੀ ਉਮੈਦ ਹੈ ਕਿ
ਝਾੜ ਦੂਨ ਸਵਾਇਆ ਹੋਊ ਇਸ ਵਾਰੀ
ਹੋਣੀ ਪੂਰੇ ਦੇਸ 'ਚ ਆਪਣੀ ਸਰਦਾਰੀ