ਕੰਧੋਂ ਯਾਦਾਂ ਵਾਲਾ ਰੰਗ

ਸੋਚਦੀ ਕੰਧੋਂ ਯਾਦਾਂ ਵਾਲਾ ਰੰਗ ਲਹਵੇ ਤੇ ਮੰਨਾਂ।

ਮਤਲਬ ਫ਼ਿਕਰਾਂ ਵਾਲਾ ਗੁੰਬਦ ਆਣ ਢਵੇ ਤੇ ਮੰਨਾਂ।

ਮੇਰੇ ਕੋਲੋਂ ਜਿਹੜੀ ਉਹਦੇ ਸਾਹਵੇਂ ਆਖ ਨਾ ਹੋਈ,

ਉਹ ਗਲ ਸੋਹਣਾ ਆਪਣੇ ਮੂੰਹੋਂ ਆਪ ਕਹਵੇ ਤੇ ਮੰਨਾਂ।

ਅੱਚਨਚੇਤੀ ਆਣ ਮਿਲੇ ਉਹ ਮਨ ਵਿਚ ਵੱਸਣ ਵਾਲਾ,

ਆਖ਼ਰੀ ਸਾਹਵਾਂ ਤੀਕਰ ਮੇਰੇ ਕੋਲ਼ ਰਹਵੇ ਤੇ ਮੰਨਾਂ।

ਜੱਗ ਨੇ ਜਿਹੜੇ ਦੁੱਖ ਦਿੱਤੇ ਨੇਂ ਉਹਦੇ ਪਿਆਰ ਮੈਨੂੰ,

ਉਹ ਦੁੱਖ ਸਾਰੇ ਸੱਜਣ ਪਿਆਰਾ ਰਲ ਸਹਵੇ ਤੇ ਮੰਨਾਂ।

ਜਿਹਦੀਆਂ ਰਾਹਵਾਂ ਤੱਕਦੀ ਤੱਕਦੀ ਰੋਹੀ ਦਾ ਰੁੱਖ ਹੋਈ,

ਦੋ ਘੜੀਆਂ ਉਹ ਮੇਰੀ ਛਾਵੇਂ ਆਣ ਬਹਵੇ ਤੇ ਮੰਨਾਂ।

ਕਿਉਂ ਸਮਿਆਂ ਦੇ ਭਾਂਬੜ ਮੇਰੀ ਧਰਤੀ ਸਾੜੀ ਜਾਂਦੇ,

ਸੋਚਦੀ ਚੁੰਨੀ ਸੂਲਾਂ ਅੰਦਰ ਆਣ ਖਹਵੇ ਤੇ ਮੰਨਾਂ।

ਜਿੰਨੀ ਜਿੰਨੀ ਢਾਵਾਂ ਓਨੀ ਓਨੀ ਜਾਵੇ ਉਸਰੀ,

ਔਨਰ ਜਾਣੀ ਇਕਲਾਪੇ ਦੀ ਕੰਧ ਢਹਵੇ ਤੇ ਮੰਨਾਂ।

📝 ਸੋਧ ਲਈ ਭੇਜੋ