ਕਥਾ ਤੇਰੀ ਛਿੜੀ ਮੁੜ

ਕਥਾ ਤੇਰੀ ਛਿੜੀ ਮੁੜ ਜ਼ਖ਼ਮ ਤਾਜ਼ਾ ਹੋ ਗਿਆ ਕੋਈ

ਅਜੇ ਰੋਇਆ ਨਹੀਂ ਪਰ ਰੋਣਹਾਕਾ ਹੋ ਗਿਆ ਕੋਈ

ਕਦੇ ਮਕਬੂਲ ਸੀ ਤੇਰੇ ਤਰਾਸ਼ੇ ਤੀਰ ਨਜ਼ਰਾਂ ਦੇ

ਵਿਸ਼ਾ ਚਰਚਾ ਦਾ ਹੁਣ ਜ਼ਖ਼ਮੀ ਕਲੇਜਾ ਹੋ ਗਿਆ ਕੋਈ

ਕਿਸੇ ਮਰਮਰ ਦੇ ਟੁਕੜੇ ਨੇ ਮੇਰੀ ਸੱਧਰ ਦੇ ਮੁੱਖੜੇ ’ਤੇ

ਝਰੀਟਾਂ ਮਾਰੀਆਂ ਤੇ ਜ਼ੁਲਮ ਡਾਢਾ ਹੋ ਗਿਆ ਕੋਈ

ਮੇਰੇ ਨਾਜ਼ੁਕ ਜਿਹੇ ਦਿਲ ’ਤੇ ਕਿਸੇ ਨੇ ਪੈਰ ਧਰ ਦਿੱਤੇ

ਜ਼ਰਾ ਨਾ ’ਵਾਜ਼ ਆਈ ਚੂਰ ਸ਼ੀਸ਼ਾ ਹੋ ਗਿਆ ਕੋਈ

ਜਮੂਰਾ ਪਿਆਰ ਤੇਰੇ ਦਾ ਨਵਾਂ ਹਰ ਵਾਰ ਹੁੰਦਾ

ਤੇਰੀ ਉਲਫ਼ਤ ਮਦਾਰੀ ਦਾ ਤਮਾਸ਼ਾ ਹੋ ਗਿਆ ਕੋਈ

ਤਮੰਨਾ ਗ਼ੈਰ ਦੇ ਘਰ ਯਾਰ ਨੂੰ ਇਕ ਵਾਰ ਵੇਖਣ ਦੀ

ਵਟਾ ਕੇ ਭੇਸ ਜੋਗੀ ਫੇਰ ਰਾਂਝਾ ਹੋ ਗਿਆ ਕੋਈ

‘ਅਮਰ’ ਹਰ ਆਦਮੀ ਏਥੇ ਅਧੂਰਾ ਉਮਰ ਭਰ ਰਹਿੰਦਾ

ਮਰੇ ਤਾਂ ਲੋਕ ਕਹਿੰਦੇ ਨੇ ਕਿ ਪੂਰਾ ਹੋ ਗਿਆ ਕੋਈ

📝 ਸੋਧ ਲਈ ਭੇਜੋ