ਕੌਣ ਨੀ ਮੁਹੱਬਤਾਂ ਦੇ
ਮਿਸ਼ਰੀ ਜਿਹੇ ਪਾਣੀਆਂ 'ਚ
ਗਿਆ ਈ ਕੁੜੱਤਣਾ ਘੋਲ ।
ਤੁਰੇ ਜਾਂਦੇ ਪਾਣੀਆਂ 'ਚ
ਚਿਰਾਂ ਦਿਆਂ ਹਾਣੀਆਂ 'ਚ
ਚੜ੍ਹਕੇ ਸ਼ਰੀਕਾਂ ਹੱਥੀਂ
ਅੰਮੀ ਜਾਏ ਵੀਰਿਆਂ ਨੇ
ਆਪਣੀ ਹੀ ਰੱਤ ਲਈ ਡੋਲ੍ਹ ।
ਸੁੰਝੀਆਂ ਦਹਿਲੀਜ਼ਾਂ ਰੋਈਆਂ
ਪੂਰੀਆਂ ਨਾ ਰੀਝਾਂ ਹੋਈਆਂ
ਮੁੜਕੇ ਆਵਾਜ਼ ਕਦੇ
ਆਈ ਨ ਜੋ ਆਖਦੀ ਸੀ
ਮੈਂ ਹੀ ਆਂ ਬੂਹਾ ਤੂੰ ਉੱਠ ਖੋਲ੍ਹ ।
ਵੇਖੀਆਂ ਨਾ ਜਾਣ ਰੁੱਤਾਂ
ਜਿੱਥੇ ਮਾਂਵਾਂ ਬਾਝ ਪੁੱਤਾਂ
ਰੋਂਦੀਆਂ ਨੇ ਕੰਧੀ ਲਗ
ਸਾਂਭ ਕੇ ਨਿਸ਼ਾਨੀ ਪੱਗ
ਮੁੜਦੇ ਘਰਾਂ ਨੂੰ ਨਈਓਂ ਢੋਲ !