ਮੈਂ, ਇੰਨ੍ਹੀਂ-ਦਿਨੀਂ 

ਤੇਰੇ ਤੋਂ ਬਹੁਤ ਡਰਦਾ ਹਾਂ 

ਕਵਿਤਾ । 

ਤੂੰ ਜੋ ਮੈਨੂੰ 

ਇਥੋਂ ਤੀਕ ਲੈ ਆਈ ਹੈਂ 

ਕਵਿਤਾ, 

ਜਿਸ ਤੋਂ ਮੈਂ 

ਜੀਉਣ ਦਾ ਵਲ ਸਿਖਿਆ ਹੈ

ਕਵਿਤਾ

ਜੋ ਆਇਤਾਂ ਬਣ ਸਕਦੀ ਹੈ 

ਸਹੀ-ਸੇਧ ਬਣ ਸਕਦੀ ਹੈ 

ਦਿਲਾਂ ਦੀ ਕਹਿ ਸਕਦੀ ਹੈ 

ਸੁਣ ਵੀ ਸਕਦੀ ਹੈ

ਗੱਲ ਕੀ 

ਕਾਇਆਨਾਤ ਦੀ ਕਿਸੇ ਵੀ ਸ਼ੈਅ ਨਾਲ 

ਸਾਗਰ, ਪਹਾੜਾਂ, ਫੁੱਲਾ ਤਾਰਿਆਂ 

ਅੰਬਰ, ਸੂਰਜ ਜਾਂ ਦਿਸਦੇ ਚੋਂ ਅਣਦਿਸਦੇ ਨਾਲ 

ਸੰਵਾਦ ਰਚਾ ਸਕਦੀ ਹੈ

ਸਦੀਆਂ ਤੋਂ ਸਦੀਆਂ ਤੀਕ 

ਯੁੱਗਾ ਤੋਂ ਯੁੱਗਾਂ ਤੀਕ 

ਲੋਕ ਮਨਾਂ 'ਤੇ ਰਾਜ ਕਰ ਸਕਦੀ ਹੈ 

ਸਾਨੂੰ ਹਸਾ ਸਕਦੀ ਹੈ

ਰਵਾ ਸਕਦੀ ਹੈ

ਮਨ ਹੌਲਾ ਕਰ ਸਕਦੀ ਹੈ

ਕਵਿਤਾ ਜੋ ਮਨ ਦੀਆਂ ਪਰਤਾਂ ਫੋਲ ਸਕਦੀ ਹੈ

ਮਨੁੱਖ ਦਾ ਜਨਮ ਤੋਂ 

ਅੰਤ ਤੀਕ ਸਾਥ ਦੇਂਦੀ ਹੈ

ਕਵਿਤਾ, 

ਜਿਸ ਦੇ ਨਾਂ ਤੇ ਲਿਖੀ ਜਾਂਦੀ ਹੈ 

ਧੜਾ-ਧੜ ਕਵਿਤਾ

ਕਵਿਤਾ ਜੋ ਸ਼ੌਕ ਨਹੀਂ 

ਲੋੜ ਹੁੰਦੀ ਹੈ 

ਜੋ ਕਦੇ ਮਰਦੀ ਨਹੀਂ 

ਅਮਰ ਰਹਿੰਦੀ ਹੈ 

ਅਤਿ ਸੂਖ਼ਮ ਹੁੰਦੀ ਹੈ 

ਝੂਠ, ਬਰਦਾਸ਼ਤ ਨਹੀਂ ਕਰਦੀ 

ਇਨ੍ਹੀਂ ਦਿਨੀਂ, ਮੇਰੇ ਕੋਲ ਰੋਜ਼ ਆਉਂਦੀ ਹੈ 

ਮੈਂ ਉਹਦੇ ਸਨਮੁੱਖ ਹੋਣ ਤੋਂ ਡਰਦਾ ਹਾਂ 

ਕੰਬਦਾ ਹਾਂ ਤ੍ਰਹਿੰਦਾ ਹਾਂ

ਮੈਂ

ਲੱਖਵਾਰ ਆਖ ਚੁੱਕਾ ਹਾਂ 

ਮੈਂ ਕੋਈ ਸ਼ਾਇਰ ਨਹੀ 

ਜੋ ਤੈਨੂੰ ਸ਼ਬਦਾਂ ਅਲੰਕਾਰਾਂ ਨਾਲ 

ਸਜਾ ਸਕਾਂ 

ਰਿਝਾਅ ਸਕਾਂ 

ਕਵਿਤਾ, 

ਸਿਸਕਦੀ ਹੋਈ ਆਖਦੀ ਹੈ

ਮੈਂ ਤੇਰੀ ਕਲਮ ਦੀ ਨੋਕ 'ਤੇ 

ਤੇਰੇ ਸਾਹਵੇਂ ਦਮ ਤੋੜ ਦਿਆਂਗੀ 

ਕਵਿਤਾ, ਬਜ਼ਿੱਦ ਹੈ 

ਮੈਂ 

ਉਸ ਨੂੰ ਸ਼ਬਦਾਂ ਵਿੱਚ ਢਾਲਦਿਆਂ । 

ਤੂੰ ਜਿਵੇਂ ਆਖਦੀ ਏਂ 

ਤੈਨੂੰ ਉਸੇ ਤਰਾਂ ਸਿਰਕੇ 

ਮੇਰੇ ਨਾਲ ਕੀ ਬੀਤੇਗਾ 

ਕਦੀ ਇਸ ਬਾਰੇ ਸੋਚਿਆ ?

ਮੈਂ

ਕੋਈ ਸੁਕਰਾਤ, ਮਸੀਹਾ 

ਜਾਂ ਮਨਸੂਰ ਨਹੀਂ

ਮੈਂ

ਤੇ ਅਦਨਾ ਜਿਹਾ ਬੰਦਾ ਹਾਂ 

ਜਿਸ ਦੇ ਮੋਢਿਆਂ 'ਤੇ 

ਰੋਟੀ ਦਾ ਅਜਿਹਾ ਸਵਾਲ ਹੈ 

ਜਿਹੜਾ ਮੈਥੋਂ ਕੁਝ ਵੀ ਕਰਵਾ ਸਕਦਾ ਹੈ 

ਪਰ ਕਵਿਤਾ ਨਹੀ ਲਿਖਵਾ ਸਕਦਾ ਹੈ

ਕਿਉਂਕਿ ਕਵਿਤਾ

ਰੋਟੀ ਨਹੀਂ ਹੁੰਦੀ 

ਕਵਿਤਾ ਤੇ 

ਸੀਸ ਤਲੀ 'ਤੇ ਧਰਕੇ 

ਯਾਰ ਦੀ ਗਲੀ ਜਾਣਾ ਹੁੰਦਾ ਹੈ 

ਕਵਿਤਾ ਮੈਂ ਤੈਨੂੰ    

ਹਰਗਿਜ਼ ਇਨਕਾਰ ਨਾ ਕਰਦਾ 

ਸੱਚ ਜਾਣੀ 

ਇਨ੍ਹੀਂ ਦਿਨੀ 

ਤੇਰੇ ਤੋਂ ਬਹੁਤ ਡਰਦਾ ਹਾਂ 

ਤੂੰ ਮੈਨੂੰ 

ਵਾਰ-ਵਾਰ ਸੱਚ ਬੋਲਣ ਲਈ 

ਮਜਬੂਰ ਨਾ ਕਰ, 

ਮੇਰੀ ਕਵਿਤਾ

ਤੂੰ ਕਦੇ ਫੇਰ ਆਵੀਂ 

ਸੁਖਾਵੇਂ ਮਹੌਲ ਅੰਦਰ 

ਉਹ ਦਿਨ, 

ਕਦੇ ਪਰਤ ਹੀ ਆਉਣਗੇ

ਮੈਂ,

ਮੈਂ ਹਰ ਸੂਰਤ ਤੈਨੂੰ 

ਗੀਤਾਂ ਗ਼ਜ਼ਲਾਂ ਵਿੱਚ ਢਾਲ ਦਿਆਂਗਾ

ਤੂੰ

ਮੇਰੀ ਬੇਵੱਸੀ 'ਤੇ 

ਤਰਸ ਕਿਉਂ ਨਹੀਂ ਖਾਂਦੀ 

ਮੈਂ ਖ਼ੁਦ 

ਕਿੰਨ੍ਹਾ ਟੁੱਟ ਚੁੱਕਾ ਹਾਂ 

ਇਨ੍ਹਾਂ ਦਿਨਾਂ ਵਿੱਚ

ਮੈਂ

ਤੇਰੇ ਸਨਮੁਖ ਜ਼ਰੂਰ ਹੋਵਾਂਗਾ 

ਹਾਲ ਦੀ ਘੜੀ

ਮੈਂ ਮੁਆਫੀ ਚਾਹੁੰਦਾ ਹਾਂ

ਕਵਿਤਾ, ਹੋ ਸਕੇ ਤਾਂ

ਮੈਨੂੰ ਮੁਆਫ ਕਰ ਦੇਵੀਂ

ਮੈਂ

ਤੇਰਾ ਦੇਣਦਾਰ ਹਾਂ 

ਮੈਂ ਤੇਰੇ ਲਈ ਜਿਉਣਾ ਚਾਹੁੰਦਾ ਹਾਂ 

ਤੇਰੇ ਅੰਗ-ਸੰਗ ਵਿਚਰਨਾ ਚਾਹੁੰਦਾ ਹਾਂ 

ਸੰਵਾਦ ਵਿਹੂਣਾ ਇਹ ਸਮਾਂ 

ਜਿਵੇਂ ਕਿਵੇਂ ਗੁਜ਼ਰ ਜਾਣ ਦੇ

ਤੂੰ

ਮੇਰੇ ਅੰਦਰ ਮਹਿਫੂਜ਼ ਏਂ 

ਮੈਨੂੰ ਕਲਮ ਦੀ ਹਾਜ਼ਰੀ 'ਚ 

ਹੋਰ ਸ਼ਰਮਿੰਦਾ ਨਾ ਕਰ 

ਮੇਰੀ ਪਿਆਰੀ ਕਵਿਤਾ 

ਮੈਂ 

ਰੂਹ ਤੀਕ ਤੇਰੇ ਅੰਦਰ ਡੁਬਕੇ 

ਤੈਨੂੰ ਜੀਉਣ ਦੀ ਲੋਚਾ 

ਲਈ ਫਿਰਦਾ ਹਾਂ 

ਤੇਰੇ ਬਗ਼ੈਰ 

ਮੈਂ ਖੁਦ ਕਿੰਨਾ ਉਦਾਸ ਹੋ ਜਾਵਾਂਗਾ 

ਇਸ ਦਾ ਅੰਦਾਜ਼ਾ 

ਸ਼ਾਇਦ ਤੂੰ ਲਾ ਸਕੇਂ ਕਿ ਨਾ 

ਪਰ ਇੰਨਾ ਜ਼ਰੂਰ ਹੈ

ਕਿ

ਤੇਰੇ ਬਿਨਾਂ 

ਮੇਰੀ ਵੀ ਗਤੀ ਨਹੀਂ।

📝 ਸੋਧ ਲਈ ਭੇਜੋ